ਦੇਸ਼ ਦੇ ਅਰਥਚਾਰੇ ਨੂੰ ਚੱਲਦਾ ਰੱਖਣ ਲਈ ਡਰਾਈਵਰ
ਨਿਭਾਅ ਰਹੇ ਹਨ ਅਹਿਮ ਭੂਮਿਕਾ
ਨੈਸ਼ਨਲ ਟਰੱਕਿੰਗ ਵੀਕ ਤੋਂ ਪਹਿਲਾਂ, ਵੈਲਿੰਗਟਨ ਐਡਵਰਟਾਈਜ਼ਰ ਨੇ ਮਹਿਸੂਸ ਕੀਤਾ ਕਿ ਦੇਸ਼ ਦੇ ਕੰਮਕਾਜ ਵਿੱਚ ਹੱਥ ਵੰਡਾਉਣ ਤੇ ਦੇਸ਼ ਦੇ ਅਰਥਚਾਰੇ ਨੂੰ ਚੱਲਦਾ ਰੱਖਣ ਵਿੱਚ ਟਰੱਕ ਡਰਾਈਵਰ ਕਿੰਨੀ ਅਹਿਮ ਭੂਮਿਕਾ ਨਿਭਾਉਂਦੇ ਹਨ।
ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਦੇ ਮਾਰਕੋ ਬਘੇਟੋ ਨਾਲ ਇੰਟਰਵਿਊ ਵਿੱਚ ਇਸ ਅਖਬਾਰ ਨੇ ਨੈਸ਼ਨਲ ਟਰੱਕਿੰਗ ਵੀਕ ਦੀ ਗੱਲ ਕਰਦਿਆਂ ਆਖਿਆ ਕਿ ਟਰੱਕਿੰਗ ਕਿਸ ਤਰ੍ਹਾਂ ਕੈਨੇਡਾ ਦੇ ਅਰਥਚਾਰੇ ਦੀ ਰੂਹੇ ਰਵਾਂ ਹੈ ਤੇ ਕਿਵੇਂ ਮੁਸ਼ਕਲ ਵੇਲਿਆਂ ਵਿੱਚ ਟਰੱਕ ਡਰਾਈਵਰ ਕਮਰ ਕੱਸ ਕੇ ਕੈਨੇਡੀਅਨਜ਼ ਦੀ ਮਦਦ ਕਰਨ ਲਈ ਤਿਆਰ ਹੋ ਜਾਂਦੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਡਰਾਈਵਰ ਇੰਕ· ਵਰਗੀਆਂ
ਸਕੀਮਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਦਿੱਕਤਾਂ ਨੂੰ ਟਰੱਕ ਡਰਾਈਵਰ ਤੇ ਜਿੰ਼ਮੇਵਾਰ ਕੈਰੀਅਰ ਆਪਣੀ ਮਿਹਨਤ ਸਦਕਾ ਹੱਸ ਕੇ ਟਾਲ ਦਿੰਦੇ ਹਨ ਜਦਕਿ ਅਜਿਹੀਆਂ ਸਕੀਮਾਂ ਇਨ੍ਹਾਂ ਮਿਹਨਤਕਸ਼ ਟਰੱਕ ਡਰਾਈਵਰਾਂ ਦਾ ਖੂਨ ਚੂਸਣ ਤੋਂ ਬਾਜ਼ ਨਹੀਂ ਆਉਂਦੀਆਂ।
ਬਘੇਟੋ ਨੇ ਆਖਿਆ ਕਿ ਸਾਡਾ ਮੱਥਾ ਹਮੇਸ਼ਾਂ ਚੁਣੌਤੀਆਂ ਨਾਲ ਲੱਗਦਾ ਰਹਿੰਦਾ ਹੈ। ਇਹ ਕਦੇ ਨਾ ਬਦਲਣ ਵਾਲਾ ਵਰਤਾਰਾ ਹੈ। ਪਰ ਜੇ ਅਜੋਕੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਡਰਾਈਵਰ ਇੰਕ· ਵਰਗੀਆਂ ਸਕੀਮਾਂ ਤੋਂ ਘੱਟੋ ਘੱਟ ਪਿਛਲੇ ਪੰਜ ਸਾਲਾਂ ਤੋਂ ਇੰਡਸਟਰੀ ਨੂੰ ਸੱਭ ਤੋਂ ਵੱਡਾ ਖਤਰਾ ਬਣਿਆ ਹੋਇਆ ਹੈ ਤੇ ਇਹ ਸਾਡੇ ਲਈ ਸੱਭ ਤੋਂ ਵੱਡੀ ਚੁਣੌਤੀ ਹੈ। ਡਰਾਈਵਰ ਇੰਕ· ਅਜਿਹਾ ਆਪਰੇਟਿੰਗ ਸਿਸਟਮ ਹੈ ਜਿਹੜਾ ਅਨੈਤਿਕ ਕੈਰੀਅਰਜ਼ ਨੂੰ ਅੰਡਰਗ੍ਰਾਊਂਡ ਅਰਥਚਾਰੇ ਵਿੱਚ ਆਪਰੇਟ ਕਰਨ ਦੀ ਖੁੱਲ੍ਹ ਦਿੰਦਾ ਹੈ।
ਇਹ ਮੁੱਦਾ ਯੋਗ ਤੇ ਜਿ਼ੰਮੇਵਾਰ ਇੰਡਸਟਰੀ ਨੂੰ ਘੁਣ ਵਾਂਗ ਖਾ ਰਿਹਾ ਹੈ। ਇਹ ਮਿਹਨਤਕਸ਼ ਇੰਡਸਟਰੀ ਦੇ ਕੰਮ ਵਿੱਚ ਅੜਿੱਕੇ ਡਾਹ ਰਹੀ ਹੈ ਕਿਉਂਕਿ ਕੰਪਨੀ ਦੀ ਸੱਭ ਤੋਂ ਵੱਡੀ ਜਾਂ ਦੂਜੀ ਵੱਡੀ ਲਾਗਤ ਅਕਸਰ ਲੇਬਰ ਹੀ ਹੁੰਦੀ ਹੈ। ਕੁੱਝ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਸਮੇਂ ਸਿਰ ਬਣਦੀ ਰਕਮ ਦਿੰਦੀਆਂ ਹਨ ਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਦੀਆਂ ਹਨ ਜਦਕਿ ਕੁੱਝ ਹੋਰ ਆਪਣੇ ਮੁਲਾਜ਼ਮਾਂ ਨੂੰ ਕਾਂਟਰੈਕਟਰ ਦੱਸ ਕੇ ਸਿਸਟਮ ਨੂੰ ਖੋਰਾ ਲਾ ਰਹੀਆਂ ਹਨ।
ਇਸ ਦੌਰਾਨ ਐਨਟੀਡਬਲਿਊ ਇੰਡਸਟਰੀ ਲਈ ਸੁਨਹਿਰਾ ਮੌਕਾ ਬਣ ਕੇ ਆਇਆ ਹੈ। ਇਸ ਦੌਰਾਨ ਇੰਡਸਟਰੀ ਨੂੰ ਦਰਪੇਸ਼ ਚੁਣੌਤੀਆਂ ਜਿਵੇਂ ਕਿ ਡਰਾਈਵਰਾਂ ਦੀ ਘਾਟ, ਸੋਧੇ ਹੋਏ ਇਨਫਰਾਸਟ੍ਰਕਚਰ ਦੀ ਲੋੜ ਉੱਤੇ ਜ਼ੋਰ ਵੀ ਦਿੱਤਾ ਜਾਵੇਗਾ ਤੇ ਜਨਤਾ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇਗਾ।ਬਘੇਟੋ ਨੇ ਆਖਿਆ ਕਿ ਇਸ ਹਫਤੇ ਦੌਰਾਨ ਇਨ੍ਹਾਂ ਚੁਣੌਤੀਆਂ ਉੱਤੇ ਚਾਨਣਾ ਪਾ ਕੇ ਟਰੱਕਿੰਗ ਇੰਡਸਟਰੀ ਨੂੰ ਸੇਫ ਬਣਾਉਣ, ਹੋਰ ਸਮਰੱਥ ਬਣਾਉਣ ਤੇ ਵਰਕਰਜ਼ ਦੀ ਨਵੀਂ ਪੀੜ੍ਹੀ ਲਈ ਵਧੇਰੇ ਆਕਰਸ਼ਕ ਬਣਾਇਆ ਜਾਵੇਗਾ।