ਭਾਜਪਾ ‘ਚ ਸ਼ਾਮਲ ਹੋ ਚੁੱਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਪਹੁੰਚੇ। ਇਸ ਸਮੇਂ ਜਿੱਥੇ ਉਨ੍ਹਾਂ ਆਪਣੀ ਪੁਰਾਣੀ ਪਾਰਟੀ ਕਾਂਗਰਸ ‘ਤੇ ਤਿੱਖੇ ਹਮਲੇ ਬੋਲੇ, ਉਥੇਹੀ 92 ਵਿਧਾਇਕਾਂ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪ੍ਰਸ਼ਾਸਕੀ ਕੰਮਾਂ ਤੋਂ ਕੋਰੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਛ ਮਹੀਨੇ ‘ਚ ਹੀ ਭਰੋਸੇ ਦਾ ਵੋਟ ਲਿਆਉਣਾ ਮਜ਼ਾਕ ਤੇ ਪੰਜਾਬੀਆਂ ਨਾਲ ਧੋਖਾ ਹੈ। ਪੰਜਾਬੀਆਂ ਨੇ ਦੁਨੀਆ ਪੱਧਰ ‘ਤੇ ਨਾਮ ਕਮਾਇਆ ਹੈ ਤੇ ‘ਆਪ’ ਸਰਕਾਰ ਪੰਜਾਬੀਆਂ ਦਾ ਨਾਮ ਮਿੱਟੀ ‘ਚ ਰੋਲਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀਆਂ ਹਰਕਤਾਂ ਇਸ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਹਨ ਉਸ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਲੋਕ ਪਤਾ ਨਹੀਂ ਕਿੰਨਾ ਕੁ ਚਿਰ ਬਰਦਾਸ਼ਤ ਕਰਨਗੇ। ਪੰਜਾਬ ‘ਚ ਕਾਂਗਰਸ ਦੀ ਸਰਕਾਰ ਸਮੇਂ ਰੇਤ ਅਤੇ ਹੋਰਨਾਂ ਮਾਫੀਆ ‘ਚ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਸਬੰਧੀ ਕੋਈ ਖੁਲਾਸਾ ਕਰਨ ਤੋਂ ਇਨਕਾਰ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇ ਵਿਜੀਲੈਂਸ ਕਿਸੇ ਜਾਂਚ ਦੌਰਾਨ ਪੁੱਛੇਗੀ ਤਾਂ ਸੋਚਾਂਗੇ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਾਰਜਸ਼ੈਲੀ ਦੀ ਸ਼ਲਾਘਾ ਕੀਤੀ। ਕੈਪਟਨ ਨੇ ਰਾਜਸਥਾਨ ਦੇ ਕਾਂਗਰਸ ਸੰਕਟ ‘ਤੇ ਤਾਂ ਕੋਈ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਪਰ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹੁਣ ਦੇ ਮਾਮਲੇ ‘ਤੇ ਸੋਨੀਆ ਗਾਂਧੀ ਦੀ ਕਾਰਜਸ਼ੈਲੀ ਪ੍ਰਤੀ ਤਿੱਖੀਆਂ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸਿੱਖਸ ਫਾਰ ਜਸਟਿਸ ਦਾ ਆਗੂ ਗੁਰਪਤਵੰਤ ਸਿੰਘ ਪੰਨੂ ਸਮੁੱਚੇ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਮੌਕੇ ਸੂਬਾ ਪ੍ਰਧਾਨ ਅਸ਼ਵਨੀ ਸਰਮਾ, ਸੁਨੀਲ ਜਾਖੜ, ਮਨੋਰੰਜਨ ਕਾਲੀਆ, ਡਾ. ਰਾਜ ਕੁਮਾਰ ਵੇਰਕਾ ਤੇ ਹਰਜੀਤ ਸਿੰਘ ਗਰੇਵਾਲ ਵੀ ਮੌਜੂਦ ਸਨ।