ਵੰਡ ਵੇਲੇ ਪਾਕਿਸਤਾਨ ਛੱਡ ਕੇ ਇੰਡੀਆ ਆਈ ਰੀਨਾ ਹੁਣ 90 ਸਾਲ ਮਗਰੋਂ ਪਾਕਿਸਤਾਨ ’ਚ ਆਪਣੀ ਜੰਮਣ ਭੋਇੰ ਦੇਖਣ ਪੁੱਜੀ ਹੈ। ਵੰਡ ਸਮੇਂ ਉਹ 15 ਸਾਲਾਂ ਦੀ ਸੀ ਅਤੇ ਉਸ ਨੂੰ ਜਨਮ ਸਥਾਨ ’ਤੇ ਜਾਣ ਦਾ 75 ਸਾਲ ਬਾਅਦ ਮੌਕਾ ਮਿਲਿਆ ਹੈ। ਇਸ ਸਮੇਂ ਪੁਣੇ ਵਿਖੇ ਰਹਿ ਰਹੀ ਰੀਨਾ ਛਿੱਬਰ ਵਰਮਾ ਵਾਗਗਾ ਬਾਰਡਰ ਰਾਹੀਂ ਰਾਵਲਪਿੰਡੀ ਸਥਿਤ ਆਪਣੇ ਜੱਦੀ ਘਰ ਨੂੰ ਦੇਖਣ ਗਈ। ਆਪਣੇ ਜੱਦੀ ਘਰ ਨੂੰ ਦੇਖਣ ਦਾ ਸੁਫ਼ਨਾ ਪਾਕਿਸਤਾਨ ਵੱਲੋਂ ਦਿੱਤੇ ਵੀਜ਼ੇ ਨਾਲ ਸਾਕਾਰ ਹੋ ਗਿਆ ਹੈ। ਆਪਣੇ ਜੱਦੀ ਘਰ ਦਾ ਦੀਦਾਰ ਕਰਨ ਲਈ ਉਹ 75 ਸਾਲਾਂ ਬਾਅਦ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ’ਚ ਦਾਖਲ ਹੋਈ। ਉਹ ਦੇਸ਼ ਦੀ ਵੰਡ ਮੌਕੇ ਪਰਿਵਾਰ ਨਾਲ ਪਾਕਿਸਤਾਨ ਛੱਡ ਇੰਡੀਆ ਆ ਗਈ ਸੀ। ਨਮ ਅੱਖਾਂ ਨਾਲ ਪਾਕਿਸਤਾਨ ’ਚ ਦਾਖਲ ਹੋਈ ਵਰਮਾ ਤੁਰੰਤ ਰਾਵਲਪਿੰਡੀ ਲਈ ਰਵਾਨਾ ਹੋ ਗਈ ਜਿੱਥੇ ਉਹ ਆਪਣੇ ਜੱਦੀ ਘਰ ਪ੍ਰੇਮ ਨਿਵਾਸ ਜਾਵੇਗੀ। ਇਸ ਮੌਕੇ ਉਹ ਆਪਣੇ ਸਕੂਲ ਤੇ ਬਚਪਨ ਦੇ ਦੋਸਤਾਂ ਨਾਲ ਵੀ ਮੁਲਾਕਾਤ ਕਰੇਗੀ। ਸੋਸ਼ਲ ਮੀਡੀਆ ਉਤੇ ਅਪਲੋਡ ਕੀਤੀ ਇਕ ਵੀਡੀਓ ’ਚ ਵਰਮਾ ਨੇ ਦੱਸਿਆ ਕਿ ਉਹ ਪੁਣੇ ਤੋਂ ਹੈ ਤੇ ਜਦ ਵੰਡ ਹੋਈ ਤਾਂ ਉਹ ਰਾਵਲਪਿੰਡੀ ਦੇ ਦੇਵੀ ਕਾਲਜ ਰੋਡ ਉਤੇ ਰਹਿੰਦੇ ਸਨ। ਉਸ ਨੇ ਦੱਸਿਆ ਕਿ ਉਹ ਮਾਡਰਨ ਸਕੂਲ ’ਚ ਪਡ਼੍ਹਦੇ ਸਨ, ਚਾਰ ਭੈਣ-ਭਰਾ ਵੀ ਉਸੇ ਸਕੂਲ ਗਏ। ਰੀਨਾ ਦੇ ਭੈਣ ਤੇ ਭਰਾ ਮਾਡਰਨ ਸਕੂਲ ਨੇਡ਼ੇ ਗੌਰਡਨ ਕਾਲਜ ’ਚ ਵੀ ਪਡ਼੍ਹਦੇ ਰਹੇ। ਭਾਰਤੀ ਮਹਿਲਾ ਨੇ ਵੀਡੀਓ ’ਚ ਨਾਲ ਹੀ ਦੱਸਿਆ ਕਿ ਉਸ ਵੇਲੇ ਉਨ੍ਹਾਂ ਦੇ ਮੁਸਲਿਮ ਦੋਸਤ ਘਰ ਆਉਂਦੇ-ਜਾਂਦੇ ਰਹਿੰਦੇ ਸਨ ਤੇ ਉਨ੍ਹਾਂ ਦੇ ਪਿਤਾ ਬਹੁਤ ਖੁੱਲ੍ਹੇ ਵਿਚਾਰਾਂ ਦੇ ਸਨ। ਰੀਨਾ ਨੇ ਕਿਹਾ ਕਿ ਵੰਡ ਤੋਂ ਪਹਿਲਾਂ ਹਿੰਦੂ-ਮੁਸਲਮਾਨ ਵਾਲਾ ਕੋਈ ਮੁੱਦਾ ਨਹੀਂ ਸੀ। ਉਨ੍ਹਾਂ ਕਿਹਾ ਕਿ ਇੰਡੀਆ ਦੀ ਵੰਡ ਨਹੀਂ ਹੋਣੀ ਚਾਹੀਦੀ ਸੀ ਪਰ ਹੁਣ ਜੇ ਹੋ ਹੀ ਗਈ ਹੈ ਤਾਂ ਘੱਟੋ-ਘੱਟ ਦੋਵਾਂ ਮੁਲਕਾਂ ਨੂੰ ਵੀਜ਼ਾ ਸੁਖਾਲਾ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ। ਪਾਕਿਸਤਾਨ ਹਾਈ ਕਮਿਸ਼ਨ ਨੇ ਸਦਭਾਵਨਾ ਪ੍ਰਗਟ ਕਰਦਿਆਂ ਰੀਨਾ ਨੂੰ ਤਿੰਨ ਮਹੀਨਿਆਂ ਦਾ ਵੀਜ਼ਾ ਦਿੱਤਾ ਹੈ। ਉਹ ਜਦ 1947 ’ਚ ਵੰਡ ਵੇਲੇ ਇੰਡੀਆ ਆਈ ਸੀ ਤਾਂ ਉਹ ਸਿਰਫ਼ 15 ਸਾਲਾਂ ਦੀ ਸੀ। ਵਰਮਾ ਨੇ ਦੱਸਿਆ ਕਿ ਉਨ੍ਹਾਂ 1965 ’ਚ ਪਾਕਿਸਤਾਨੀ ਵੀਜ਼ੇ ਲਈ ਅਰਜ਼ੀ ਦਿੱਤੀ ਸੀ ਪਰ ਉਦੋਂ ਜੰਗ ਲੱਗੀ ਹੋਣ ਕਾਰਨ ਵੀਜ਼ਾ ਨਹੀਂ ਮਿਲ ਸਕਿਆ। ਉਨ੍ਹਾਂ ਪਿਛਲੇ ਸਾਲ ਸੋਸ਼ਲ ਮੀਡੀਆ ’ਤੇ ਆਪਣੇ ਜੱਦੀ ਘਰ ਨੂੰ ਦੇਖਣ ਦੀ ਇੱਛਾ ਜ਼ਾਹਿਰ ਕੀਤਾ ਸੀ। ਪਾਕਿਸਤਾਨ ਦੇ ਇਕ ਨਾਗਰਿਕ ਸੱਜਾਦ ਹੈਦਰ ਨੇ ਰੀਨਾ ਨਾਲ ਸੋਸ਼ਲ ਮੀਡੀਆ ’ਤੇ ਸੰਪਰਕ ਕੀਤਾ ਤੇ ਰਾਵਲਪਿੰਡੀ ਸਥਿਤ ਉਨ੍ਹਾਂ ਦੇ ਘਰ ਦੀਆਂ ਫੋਟੋਆਂ ਭੇਜੀਆਂ। ਉਨ੍ਹਾਂ ਨੇ ਮੁਡ਼ ਵੀਜ਼ਾ ਲਈ ਅਰਜ਼ੀ ਦਿੱਤੀ ਸੀ ਪਰ ਨਹੀਂ ਮਿਲਿਆ। ਰੀਨਾ ਨੇ ਹਾਲ ਹੀ ’ਚ ਪਾਕਿਸਤਾਨ ਦੀ ਵਿਦੇਸ਼ ਰਾਜ ਮੰਤਰੀ ਹਿਨਾ ਰੱਬਾਨੀ ਖਾਰ ਨਾਲ ਸੋਸ਼ਲ ਮੀਡੀਆ ’ਤੇ ਰਾਬਤਾ ਕੀਤਾ ਸੀ ਜਿਨ੍ਹਾਂ ਦੇ ਦਖ਼ਲ ਨਾਲ ਉਨ੍ਹਾਂ ਨੂੰ ਵੀਜ਼ਾ ਮਿਲਿਆ ਹੈ।