ਸੰਸਦ ਮੈਂਬਰ ਰਵਨੀਤ ਬਿੱਟੂ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਵਿਵਾਦਾਂ ‘ਚ ਘਿਰੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਅਸਤੀਫ਼ੇ ਨੂੰ ਕ੍ਰਿਕਟ ਨਾਲ ਜੋੜ ਕੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ 9ਵੀਂ ਗੇਂਦ ‘ਤੇ ਦੂਜੀ ਵਿਕਟ ਡਿੱਗ ਗਈ ਹੈ। ਭਾਵ ਭਗਵੰਤ ਮਾਨ ਸਰਕਾਰ ਦੇ ਨੌਂ ਮਹੀਨੇ ਦਾ ਕਾਰਜਕਾਲ ਪੂਰਾ ਹੋਣ ‘ਤੇ ਦੂਜੇ ਮੰਤਰੀ ਨੂੰ ਭ੍ਰਿਸ਼ਟਾਚਾਰ ਕਰਕੇ ਅਸਤੀਫ਼ਾ ਦੇਣਾ ਪੈ ਗਿਆ ਹੈ। ਇਸ ਤੋਂ ਪਹਿਲਾਂ ਵਿਜੇ ਸਿੰਗਲਾ ਤੋਂ ਵੀ ਭ੍ਰਿਸ਼ਟਾਚਾਰ ਕਰਕੇ ਹੀ ਅਸਤੀਫ਼ਾ ਲਿਆ ਗਿਆ ਸੀ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੁਧਿਆਣਾ ਤੋਂ ਐੱਮਪੀ ਅਤੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ 9ਵੀਂ ਗੇਂਦ ‘ਤੇ ਦੂਜੀ ਵਿਕਟ ਡਿੱਗਣਾ ਦਰਸਾਉਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਾਰਜਕਾਲ ਟੀ-20 ਮੈਚ ਤੋਂ ਵੀ ਛੋਟਾ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਇਹ ਸਰਕਾਰ ਪੰਜ ਸਾਲ ਦਾ ਕਾਰਜਕਾਲ ਪੂਰਾ ਨਹੀਂ ਕਰੇਗੀ। ਭ੍ਰਿਸ਼ਟਾਚਾਰ ਦੇ ਦੋਸ਼ ਮੜ੍ਹਦਿਆਂ ਉਨ੍ਹਾਂ ਕਿਹਾ ਕਿ ‘ਕੱਟੜ ਈਮਾਨਦਾਰ’ ਸਰਕਾਰ ਦੇ ਰਾਜ ‘ਚ ਭ੍ਰਿਸ਼ਟਾਚਾਰ ਜਾਰੀ ਹੈ। ਜਿੱਥੋਂ ਤੱਕ ਨਸ਼ਿਆਂ ਦਾ ਸਵਾਲ ਹੈ ਤਾਂ ਹੁਣ ਵੀ ਸੂਬੇ ‘ਚ ਰੋਜ਼ਾਨਾ ਇਕ ਤੋਂ ਦੋ ਮੌਤਾਂ ‘ਚਿੱਟੇ’ ਕਰਕੇ ਹੋ ਰਹੀਆਂ ਹਨ। ਕਾਂਗਰਸ ਸਰਕਾਰ ਵੇਲੇ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾਉਣ ਵਾਲੀ ਸਰਕਾਰ ਇਸ ਬਾਰੇ ਜਵਾਬ ਦੇਵੇ। ਇਸੇ ਤਰ੍ਹਾਂ ਬੇਅਦਬੀ ਮਾਮਲੇ ‘ਚ ਵੀ ਸਰਕਾਰ ਟਾਲ-ਮਟੋਲ ਦੀ ਨੀਤੀ ਅਪਣਾ ਰਹੀ ਹੈ। ਹਰ ਮੁੱਦੇ ‘ਤੇ ਨਵੀਂ ਜਾਂਚ ਟੀਮ ਜਾਂ ਪੜਤਾਲ ਕਰਵਾਉਣ ਦੀ ਥਾਂ ਰਿਕਾਰਡ ਬਹੁਮਤ ਵਾਲੀ ਸਰਕਾਰ ਨੂੰ ਠੋਸ ਤੇ ਸਪੱਸ਼ਟ ਫ਼ੈਸਲੇ ਲੈਣੇ ਹੋਣਗੇ ਜਿਨ੍ਹਾਂ ਲਈ ਲੋਕਾਂ ਨੇ ਇਸ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ ਯਾਤਰਾ’ ਦਾ ਪੰਜਾਬ ‘ਚ ਭਰਵਾਂ ਸਵਾਗਤ ਕੀਤਾ ਜਾਵੇਗਾ। ਲੁਧਿਆਣਾ ਹਲਕੇ ਅੰਦਰ ਇਸ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਯਾਤਰਾ ਦੇਸ਼ ਦੇ ਹੋਰਨਾਂ ਸੂਬਿਆਂ ਵਾਂਗ ਪੰਜਾਬ ‘ਚ ਨਵੀਂ ਰੂਹ ਫੂਕ ਕੇ ਜਾਵੇਗੀ ਜਿਸ ਦਾ ਵੱਡਾ ਲਾਹਾ ਪੰਜਾਬ ਕਾਂਗਰਸ ਨੂੰ ਮਿਲੇਗਾ। ਰਵਨੀਤ ਬਿੱਟੂ ਨੇ ਕਿਹਾ ਕਿ ਸੱਤਾ ‘ਚ ਹੋਣ ਦੇ ਬਾਵਜੂਦ ‘ਆਪ’ ਵਿੱਚ ਕਾਂਗਰਸ ਨੂੰ ਲੈ ਕੇ ਘਬਰਾਹਟ ਹੈ, ਇਸੇ ਲਈ ਜਾਣਬੁੱਝ ਕੇ ਕਾਂਗਰਸ ਦੇ ਸਾਬਕਾ ਮੰਤਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।