ਭੀਮਾ ਕੋਰੇਗਾਉਂ ਕੇਸ ‘ਚ ਕਵੀ ਅਤੇ ਕਾਰਕੁਨ ਪੀ ਵਰਵਰਾ ਰਾਓ ਨੂੰ ਸੁਪਰੀਮ ਕੋਰਟ ਨੇ ਮੈਡੀਕਲ ਆਧਾਰ ‘ਤੇ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਯੂ ਯੂ ਲਲਿਤ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ 82 ਵਰ੍ਹਿਆਂ ਦੇ ਰਾਓ ਦੀ ਸਿਹਤ, ਜੋ ਮੌਜੂਦਾ ਸਮੇਂ ‘ਚ ਸਿਹਤ ਦੇ ਆਧਾਰ ‘ਤੇ ਅੰਤਰਿਮ ਜ਼ਮਾਨਤ ‘ਤੇ ਹਨ, ‘ਚ ਅਜੇ ਇੰਨਾ ਕੋਈ ਸੁਧਾਰ ਨਹੀਂ ਹੋਇਆ ਹੈ ਕਿ ਉਨ੍ਹਾਂ ਨੂੰ ਪਹਿਲਾਂ ਦਿੱਤੀ ਗਈ ਰਾਹਤ ਵਾਪਸ ਲੈ ਲਈ ਜਾਵੇ। ਸਿਖਰਲੀ ਅਦਾਲਤ ਨੇ ਇਹ ਵੀ ਕਿਹਾ ਕਿ ਭਾਵੇਂ ਕੇਸ ਦੀ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਗਈ ਹੈ ਪਰ ਕੁਝ ਮੁਲਜ਼ਮ ਅਜੇ ਤੱਕ ਨਹੀਂ ਫੜੇ ਗਏ ਹਨ ਅਤੇ ਜਿਹੜੇ ਮੁਲਜ਼ਮ ਅਦਾਲਤ ਅੱਗੇ ਪੇਸ਼ ਕੀਤੇ ਗਏ ਹਨ, ਉਨ੍ਹਾਂ ਖ਼ਿਲਾਫ਼ ਦੋਸ਼ ਆਇਦ ਕਰਨ ਦੀ ਕਾਰਵਾਈ ਵੀ ਸ਼ੁਰੂ ਨਹੀਂ ਹੋਈ ਹੈ ਤਾਂ ਫਿਰ ਉਹ ਵਰਵਰਾ ਰਾਓ ਮਗਰ ਕਿਉਂ ਲੱਗੇ ਹੋਏ ਹਨ। ਤੇਲਗੂ ਕਵੀ ਨੂੰ ਜ਼ਮਾਨਤ ਦਿੰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਗਰੇਟਰ ਮੁੰਬਈ ਦਾ ਇਲਾਕਾ ਹੇਠਲੀ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਛੱਡ ਕੇ ਨਹੀਂ ਜਾਣਗੇ। ਬੈਂਚ ਨੇ ਕਿਹਾ ਕਿ ਅਰਜ਼ੀਕਾਰ ਕਿਸੇ ਵੀ ਤਰ੍ਹਾਂ ਨਾਲ ਆਪਣੀ ਰਿਹਾਈ ਦੀ ਦੁਰਵਰਤੋਂ ਨਾ ਕਰੇ ਅਤੇ ਨਾ ਹੀ ਕਿਸੇ ਗਵਾਹ ਨਾਲ ਸੰਪਰਕ ਬਣਾਏ। ਜ਼ਿਕਰਯੋਗ ਹੈ ਕਿ ਰਾਓ ਨੂੰ 28 ਅਗਸਤ 2018 ‘ਚ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸਿਖਰਲੀ ਅਦਾਲਤ ਨੇ ਪਹਿਲਾਂ ਕਿਹਾ ਸੀ ਕਿ ਰਾਓ ਦੀ ਅੰਤਰਿਮ ਜ਼ਮਾਨਤ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ। ਇਹ ਕੇਸ 31 ਦਸੰਬਰ 2017 ‘ਚ ਪੁਣੇ ‘ਚ ਹੋਏ ਐਲਗਾਰ ਪਰਿਸ਼ਦ ਦੇ ਪ੍ਰੋਗਰਾਮ ‘ਚ ਕਥਿਤ ਤੌਰ ‘ਤੇ ਭੜਕਾਊ ਭਾਸ਼ਨ ਦੇਣ ਨਾਲ ਜੁੜਿਆ ਹੋਇਆ ਹੈ। ਪੁਣੇ ਪੁਲੀਸ ਦਾ ਦਾਅਵਾ ਹੈ ਕਿ ਭਾਸ਼ਨ ਕਾਰਨ ਹੀ ਅਗਲੇ ਦਿਨ ਭੀਮਾ ਕੋਰੇਗਾਉਂ ‘ਚ ਹਿੰਸਾ ਫੈਲੀ ਸੀ ਅਤੇ ਪ੍ਰੋਗਰਾਮ ਦੇ ਪ੍ਰਬੰਧਕਾਂ ਦੇ ਮਾਓਵਾਦੀਆਂ ਨਾਲ ਸਬੰਧ ਹਨ।