ਭਾਰਤੀ ਮੂਲ ਦੇ ਚਾਰ ਲੋਕਾਂ ਦੇ ਅਗਵਾ ਹੋਣ ਦੀ ਖ਼ਬਰ ਨੇ ਦਹਿਸ਼ਤ ਫੈਲਾ ਦਿੱਤੀ ਹੈ। ਅਗਵਾ ਦੀ ਘਟਨਾ ਇਹ ਕੈਲੀਫੋਰਨੀਆ ਨਾਲ ਸਬੰਧਤ ਹੈ। ਇਸ ‘ਚ ਇਕ ਅੱਠ ਮਹੀਨੇ ਦੀ ਬੱਚੀ, ਉਸ ਦੇ ਪੰਜਾਬੀ ਮੂਲ ਦੇ ਮਾਪੇ ਅਤੇ ਇਕ ਰਿਸ਼ਤੇਦਾਰ ਸ਼ਾਮਲ ਹਨ। ਘਟਨਾ ਕੈਲੀਫੋਰਨੀਆ ਦੇ ਮਰਸਡ ਕਾਉਂਟੀ ਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਗਵਾ ਕੀਤੇ ਗਏ ਚਾਰ ਲੋਕਾਂ ‘ਚ ਇਕ 8 ਮਹੀਨੇ ਦੀ ਬੱਚੀ ਅਤੇ ਉਸਦੇ ਮਾਤਾ-ਪਿਤਾ ਸ਼ਾਮਲ ਹਨ। ਮਰਸਡ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਸੋਮਵਾਰ ਨੂੰ ਜਾਰੀ ਇਕ ਬਿਆਨ ‘ਚ ਕਿਹਾ ਕਿ 36 ਸਾਲਾ ਜਸਦੀਪ ਸਿੰਘ, ਉਸਦੀ 27 ਸਾਲਾ ਪਤਨੀ ਜਸਲੀਨ ਕੌਰ, ਉਨ੍ਹਾਂ ਦੀ 8 ਮਹੀਨੇ ਦੀ ਬੱਚੀ ਆਰੋਹੀ ਅਤੇ 39 ਸਾਲਾ ਅਮਨਦੀਪ ਸਿੰਘ ਨੂੰ ਅਗਵਾ ਕਰ ਲਿਆ ਗਿਆ ਹੈ। ਪੁਲੀਸ ਨੇ ਸ਼ੱਕੀ ਨੂੰ ਹਥਿਆਰਬੰਦ ਅਤੇ ਖ਼ਤਰਨਾਕ ਦੱਸਿਆ ਹੈ। ਘਟਨਾ ਬਾਰੇ ਜ਼ਿਆਦਾ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ ਕਿਉਂਕਿ ਜਾਂਚ ਅਜੇ ਸ਼ੁਰੂਆਤੀ ਪੜਾਅ ‘ਚ ਹੈ ਪਰ ਅਧਿਕਾਰੀਆਂ ਨੇ ਕਿਹਾ ਹੈ ਕਿ ਚਾਰਾਂ ਨੂੰ ਦੱਖਣੀ ਹਾਈਵੇਅ 59 ਦੇ 800 ਬਲਾਕ ਤੋਂ ਜ਼ਬਰਨ ਅਗਵਾ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਸੇ ਸ਼ੱਕੀ ਜਾਂ ਸੰਭਾਵਿਤ ਉਦੇਸ਼ ਦਾ ਨਾਮ ਨਹੀਂ ਲਿਆ ਹੈ। ਸ਼ੈਰਿਫ ਦੇ ਦਫ਼ਤਰ ਨੇ ਸੋਮਵਾਰ ਨੂੰ ਆਪਣੇ ਬਿਆਨ ‘ਚ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਸ਼ੱਕੀ ਜਾਂ ਪੀੜਤ ਉਨ੍ਹਾਂ ਨੂੰ ਨਜ਼ਰ ਆਉਂਦੇ ਹਨ ਤਾਂ ਉਹ ਤੁਰੰਤ ਉਨ੍ਹਾਂ ਨਾਲ ਸੰਪਰਕ ਕਰਨ। ਇਕ ਹੋਰ ਜਾਣਕਾਰੀ ਅਨੁਸਾਰ ਅਗਵਾ ਕੀਤਾ ਗਿਆ 39 ਸਾਲਾ ਅਮਨਦੀਪ ਸਿੰਘ ਇਸ ਪਰਿਵਾਰ ਦਾ ਨਜ਼ਦੀਕੀ ਰਿਸ਼ਤੇਦਾਰ ਹੈ। ਇਹ ਵੀ ਪਤਾ ਲੱਗਾ ਹੈ ਕਿ ਜਿੱਥੋਂ ਇਨ੍ਹਾਂ ਨੂੰ ਅਗਵਾ ਕੀਤਾ ਗਿਆ ਉਥੇ ਕਾਫੀ ਚਹਿਲ ਪਹਿਲ ਰਹਿੰਦੀ ਅਤੇ ਉਥੇ ਕਈ ਰੈਸਟੋਰੈਂਟ ਹਨ। ਅਧਿਕਾਰੀਆਂ ਨੇ ਕਿਹਾ ਕਿ ਜੇਕਰ ਲੋਕਾਂ ਨੂੰ ਕੋਈ ਸ਼ੱਕੀ ਲੱਗਦਾ ਹੈ ਜਾਂ ਅਗਵਾ ਹੋਏ ਵਿਅਕਤੀਆਂ ‘ਚੋਂ ਕਿਸੇ ਦਾ ਪਤਾ ਲੱਗਦਾ ਹੈ ਤਾਂ ਫੌਰੀ 911 ‘ਤੇ ਕਾਲ ਕਰਨ।