ਵੈਨਕੂਵਰ ਪੁਲੀਸ ਨੇ ਜਾਂਚ ਦੌਰਾਨ 8 ਮਿਲੀਅਨ ਡਾਲਰ ਤੋਂ ਵੱਧ ਮੁੱਲ ਦੀਆਂ ਗੈਰਕਾਨੂੰਨੀ ਨਸ਼ੀਲੀਆਂ ਦਵਾਈਆਂ ਅਤੇ 1,70,000 ਡਾਲਰ ਦੀ ਨਕਦੀ ਜ਼ਬਤ ਕੀਤੀ ਹੈ। ਪੁਲੀਸ ਨੇ ਦੱਸਿਆ ਕਿ ਜਾਂਚ ਦੇ ਸਬੰਧ ’ਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਇੰਸਪੈਕਟਰ ਫਿਲ ਹਰਡ ਨੇ ਕਿਹਾ, ‘ਇਹ ਹਾਲ ਹੀ ਦੇ ਸਾਲਾਂ ’ਚ ਦੇਖੇ ਫਡ਼ੇ ਗਏ ਵੱਡੇ ਨਸ਼ੀਲੇ ਪਦਾਰਥਾਂ ਵਿੱਚੋਂ ਇਕ ਹੈ।’ ਉਨ੍ਹਾਂ ਅੱਗੇ ਕਿਹਾ, ‘ਅਸੀਂ ਨਿਸ਼ਚਤ ਤੌਰ ’ਤੇ ਸੋਚਦੇ ਹਾਂ ਨਜਾਇਜ਼ ਨਸ਼ੀਲੇ ਪਦਾਰਥਾਂ ਦੀ ਮਾਰਕੀਟ ਫੈਲ ਰਹੀ ਹੈ ਅਤੇ ਸਾਨੂੰ ਉਮੀਦ ਹੈ ਕਿ ਫਡ਼ੀ ਗਈ ਇਸ ਖੇਪ ਨਾਲ ਜ਼ਹਿਰੀਲੀ ਦਵਾਈਆਂ ਦੀ ਸਪਲਾਈ ’ਤੇ ਅਹਿਮ ਪ੍ਰਭਾਵ ਪਵੇਗਾ।’ ਜਾਂਚਕਰਤਾਵਾਂ ਦੁਆਰਾ ਮੈਟਰੋ ਵੈਨਕੂਵਰ ’ਚ ਤਿੰਨ ਘਰਾਂ ਦੀ ਤਲਾਸ਼ੀ ਲਈ ਗਈ, ਦੋ ਨਿਊ ਵੈਸਟਮਿੰਸਟਰ ’ਚ ਅਤੇ ਇਕ ਪੋਰਟ ਮੂਡੀ ’ਚ। ਪੁਲੀਸ ਨੇ ਦੱਸਿਆ ਕਿ 10 ਕਿਲੋਗ੍ਰਾਮ ਤੋਂ ਵੱਧ ਫੈਂਟਾਨਾਇਲ, 22 ਕਿਲੋਗ੍ਰਾਮ ਕੋਕੀਨ ਅਤੇ 41 ਕਿਲੋਗ੍ਰਾਮ ਮੈਥਾਮਫੇਟਾਮਾਈਨ ਸਮੇਤ 1,72,000 ਦੀ ਨਕਦੀ, ਦੋ ਵਾਹਨ ਅਤੇ ਇਕ ਕਿਲੋਗ੍ਰਾਮ ਪ੍ਰੈੱਸ ਮਸ਼ੀਨ ਜ਼ਬਤ ਕੀਤੀ ਗਈ ਹੈ। ਜਾਂਚ ਵੈਨਕੂਵਰ ਪੁਲੀਸ ਵਿਭਾਗ, ਕੰਬਾਈਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਬੀ.ਸੀ. ਅਤੇ ਲੋਅਰ ਮੇਨਲੈਂਡ ਏਕੀਕ੍ਰਿਤ ਐਮਰਜੈਂਸੀ ਰਿਸਪਾਂਸ ਟੀਮ ਨੇ ਸਾਂਝੇ ਤੌਰ ’ਤੇ ਕੀਤੀ।