ਪੀਲ ਰੀਜਨਲ ਪੁਲੀਸ ਸਪੈਸ਼ਲ ਵਿਕਟਿਮਜ਼ ਯੂਨਿਟ ਦੇ ਜਾਂਚਕਰਤਾਵਾਂ ਨੇ ਜਿਨਸੀ ਸ਼ੋਸ਼ਣ ਦੀ ਜਾਂਚ ਦੇ ਸਬੰਧ ’ਚ ਇਕ ਸੰਗੀਤ ਸਕੂਲ ਦੇ ਇੰਸਟ੍ਰਕਟਰ ’ਤੇ ਦੋਸ਼ ਲਗਾਏ ਹਨ। ਇਹ ਦੋਸ਼ ਬਰੈਂਪਟਨ ਦੇ ਇਕ 71 ਸਾਲਾ ਸਿੱਖ ਵਿਅਕਤੀ ’ਤੇ ਲੱਗੇ ਹਨ। ਉਸ ਖ਼ਿਲਾਫ਼ ਇਕ ਨਾਬਾਲਗ ਕੁਡ਼ੀ ਨਾਲ ਜਿਨਸੀ ਸ਼ੋਸ਼ਣ ਦੀ ਜਾਂਚ ਹੋ ਰਹੀ ਹੈ। ਪੀਲ ਪੁਲਸਿ ਦਾ ਕਹਿਣਾ ਹੈ ਕਿ 16 ਸਾਲ ਦੀ ਕੁਡ਼ੀ ਬਰੈਂਪਟਨ ਦੀ ਇਕ ਰਿਹਾਇਸ਼ ’ਚ ਇਕ ਸੰਗੀਤ ਦੀ ਸਿੱਖਿਆ ਲੈ ਰਹੀ ਸੀ ਜਦੋਂ ਉਸਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਹਮਲੇ ’ਚ ਕੁਡ਼ੀ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ। ਰਜਿੰਦਰ ਰਾਜ ’ਤੇ ਜਿਨਸੀ ਸ਼ੋਸ਼ਣ ਅਤੇ ਜਿਨਸੀ ਹਮਲੇ ਦੇ ਦੋਸ਼ ਲੱਗੇ ਹਨ। ਉਹ ਬਾਅਦ ’ਚ ਬਰੈਂਪਟਨ ’ਚ ਓਂਟਾਰੀਓ ਕੋਰਟ ਆਫ਼ ਜਸਟਿਸ ’ਚ ਹਾਜ਼ਰ ਹੋਵੇਗਾ। ਪੁਲੀਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਹੋਰ ਪੀਡ਼ਤ ਵੀ ਹੋ ਸਕਦੇ ਹਨ। ਇਸ ਤਰ੍ਹਾਂ ਦੀ ਕਿਸੇ ਵੀ ਘਟਨਾ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਪੈਸ਼ਲ ਵਿਕਟਿਮਜ਼ ਯੂਨਿਟ ਵਿਖੇ 905-453-2121, ਐਕਸਟੈਂਸ਼ਨ 3460 ’ਤੇ ਜਾਂਚਕਰਤਾਵਾਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਪੀਲ ਕ੍ਰਾਈਮ ਸਟੌਪਰਜ਼ ਨੂੰ 1-800-222-8477 ’ਤੇ ਕਾਲ ਕਰਕੇ ਅਗਿਆਤ ਜਾਣਕਾਰੀ ਵੀ ਜਮ੍ਹਾਂ ਕਰਵਾਈ ਜਾ ਸਕਦੀ ਹੈ।