ਮੈਕਸੀਕੋ ਦੇ ਮੱਧ ਪ੍ਰਸ਼ਾਂਤ ਤੱਟ ‘ਤੇ 7.5 ਤੀਬਰਤਾ ਦਾ ਭੂਚਾਲ ਆਇਆ। ਅਮਰੀਕਨ ਜਿਓਲਾਜੀਕਲ ਸਰਵੇਖਣ ਵਿਭਾਗ ਮੁਤਾਬਕ ਸਥਾਨਕ ਸਮੇਂ ਮੁਤਾਬਕ ਦੁਪਹਿਰ 1:05 ਵਜੇ ਆਏ ਭੂਚਾਲ ਕਾਰਨ ਹੋਏ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਹਾਲਾਂਕਿ ਭੂਚਾਲ ਦੇ ਜ਼ਬਰਦਸਤ ਝਟਕਿਆਂ ਕਾਰਨ ਲੋਕ ਘਬਰਾ ਕੇ ਸੜਕਾਂ ‘ਤੇ ਆ ਗਏ। ਜ਼ਿਕਰਯੋਗ ਹੈ ਕਿ ਮੈਕਸੀਕੋ ‘ਚ 1985 ਅਤੇ 2017 ‘ਚ ਇਸੇ ਦਿਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਭੂਚਾਲ ਦੇ ਝਟਕਿਆਂ ਕਾਰਨ ਸ਼ਹਿਰ ਦੇ ਕਈ ਇਲਾਕਿਆਂ ‘ਚ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਪਟੜੀਆਂ ‘ਤੇ ਖੜ੍ਹੀਆਂ ਗੱਡੀਆਂ ਹਿੱਲਣ ਲੱਗ ਪਈਆਂ। ਸਟੋਰ ‘ਚ ਰੱਖਿਆ ਸਾਮਾਨ ਜ਼ਮੀਨ ‘ਤੇ ਖਿਲਰਿਆ ਨਜ਼ਰ ਆਇਆ। ਭੂਚਾਲ ਦੇ ਝਟਕੇ ਰਿਕਟਰ ਪੈਮਾਨੇ ‘ਤੇ ਇੰਨੇ ਜ਼ਬਰਦਸਤ ਸਨ ਕਿ ਪਾਰਕਿੰਗ ‘ਚ ਖੜ੍ਹੀਆਂ ਕਾਰਾਂ ਅੱਗੇ-ਪਿੱਛੇ ਹੋਣ ਲੱਗੀਆਂ। ਭੂਚਾਲ ਦੇ ਝਟਕਿਆਂ ਨਾਲ ਉੱਚੀਆਂ ਇਮਾਰਤਾਂ ਵੀ ਹਿੱਲ ਗਈਆਂ। ਲੋਕ ਡਰ ਦੇ ਸਾਏ ‘ਚ ਘਰਾਂ ‘ਚੋਂ ਬਾਹਰ ਨਿਕਲ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਣ ਲੱਗੇ ਹਨ। ਇਕ ਜਿਮ ‘ਚ ਭਾਰੀ ਤਬਾਹੀ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਤਾਈਵਾਨ ਦੀ ਧਰਤੀ ਸ਼ਕਤੀਸ਼ਾਲੀ ਭੂਚਾਲ ਦੇ ਝਟਕਿਆਂ ਕਾਰਨ ਹਿੱਲ ਗਈ ਸੀ। ਉਥੇ 6.9 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਇਥੇ ਇਕ ਦੋ ਮੰਜ਼ਿਲਾ ਇਮਾਰਤ ਢਹਿ ਗਈ। ਤਾਈਵਾਨ ਵਾਂਗ ਮੈਕਸੀਕੋ ‘ਚ ਵੀ ਭੂਚਾਲ ਮਗਰੋਂ ਭਿਆਨਕ ਹੜ੍ਹ ਆ ਗਿਆ। ਇਸ ਕਰਕੇ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ। 1985 ‘ਚ ਭੂਚਾਲ ਕਾਰਨ ਗੁਆਰੇਰੋ ਰਾਜ ਦੇ ਤੱਟ ‘ਤੇ 8.0 ਤੀਬਰਤਾ ਦਾ ਭੂਚਾਲ ਆਇਆ ਜਿਸ ‘ਚ ਘੱਟੋ-ਘੱਟ 9500 ਲੋਕ ਮਾਰੇ ਗਏ। 2017 ‘ਚ 7.1 ਤੀਬਰਤਾ ਦੇ ਭੂਚਾਲ ‘ਚ 360 ਤੋਂ ਵੱਧ ਲੋਕ ਮਾਰੇ ਗਏ ਸਨ। ਕੋਲੀਮਾ ਰਾਜ ਦੀ ਗਵਰਨਰ ਇੰਦਰਾ ਵਿਜ਼ਕਾਨੋ ਸਿਲਵਾ ਨੇ ਨੇਵੀ ਨੂੰ ਦੱਸਿਆ ਕਿ ਬੰਦਰਗਾਹ ਵਾਲੇ ਸ਼ਹਿਰ ਮੰਜ਼ਾਨੀਲੋ ‘ਚ ਇਕ ਕੰਧ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ।