ਇਕ ਛੇ ਸਾਲਾ ਬੱਚੇ ਨੂੰ ਆਪਣੇ ਸਕੂਲ ‘ਚ ਇਕ ਅਧਿਆਪਕਾ ਨੂੰ ਗੋਲੀ ਮਾਰਨ ਦੇ ਦੋਸ਼ ‘ਚ ਪੁਲੀਸ ਨੇ ਹਿਰਾਸਤ ‘ਚ ਲਿਆ ਹੈ। ਇਹ ਘਟਨਾ ਅਮਰੀਕਾ ਦੇ ਵਰਜੀਨੀਆ ਸੂਬੇ ਦੀ ਹੈ ਅਤੇ ਇਸ ਮਗਰੋਂ ਸਕੂਲ ਦੇ ਨੇੜਲੇ ਇਲਾਕੇ ‘ਚ ਦਹਿਸ਼ਤ ਫੈਲ ਗਈ। ਸ਼ੁੱਕਰਵਾਰ ਨੂੰ ਪਹਿਲੀ ਜਮਾਤ ‘ਚ ਪੜ੍ਹਦੇ ਇਸ ਵਿਦਿਆਰਥੀ ਦਾ ਅਧਿਆਪਕਾ ਨਾਲ ਵਿਵਾਦ ਹੋਇਆ ਸੀ। ਪੁਲੀਸ ਅਤੇ ਸਕੂਲ ਪ੍ਰਬੰਧਨ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਕਿਹਾ ਕਿ ਰਿਚਨੇਕ ਐਲੀਮੈਂਟਰੀ ਸਕੂਲ ‘ਚ ਗੋਲੀਬਾਰੀ ਦੀ ਘਟਨਾ ‘ਚ ਹਾਲਾਂਕਿ ਕੋਈ ਵਿਦਿਆਰਥੀ ਜ਼ਖ਼ਮੀ ਨਹੀਂ ਹੋਇਆ। ਪੁਲੀਸ ਮੁਖੀ ਸਟੀਵ ਡਰਿਊ ਨੇ ਦੱਸਿਆ ਕਿ ਅਧਿਆਪਕਾ ਦੀ ਉਮਰ 30 ਸਾਲ ਹੈ ਅਤੇ ਗੋਲੀ ਲੱਗਣ ਕਾਰਨ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈ। ਬਾਅਦ ਦੁਪਹਿਰ ਤੱਕ ਉਨ੍ਹਾਂ ਦੀ ਹਾਲਤ ‘ਚ ਸੁਧਾਰ ਹੋਇਆ। ਡਰਿਊ ਨੇ ਪੱਤਰਕਾਰਾਂ ਨੂੰ ਕਿਹਾ, ‘ਗੋਲੀਬਾਰੀ ਦੀ ਘਟਨਾ ਕੋਈ ਹਾਦਸਾ ਨਹੀਂ ਸੀ। ਵਿਦਿਆਰਥੀ ਅਤੇ ਅਧਿਆਪਕਾ ਇਕ-ਦੂਜੇ ਨੂੰ ਜਾਣਦੇ ਸਨ ਅਤੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਵਿਵਾਦ ਹੋਇਆ ਸੀ।’ ਉਨ੍ਹਾਂ ਕਿਹਾ ਕਿ ਬੱਚਾ ਕਲਾਸ ‘ਚ ਹਥਿਆਰ ਲੈ ਕੇ ਆਇਆ ਸੀ ਅਤੇ ਜਾਂਚ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਸ ਕੋਲ ਹਥਿਆਰ ਕਿੱਥੋਂ ਆਇਆ ਹੈ। ਥਾਣਾ ਮੁਖੀ ਨੇ ਹਾਲਾਂਕਿ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ। ਸਕੂਲ ‘ਚ ਚੌਥੀ ਜਮਾਤ ‘ਚ ਪੜ੍ਹਣ ਵਾਲੇ ਇਕ ਵਿਦਿਆਰਥੀ ਦੀ ਮਾਂ ਜੋਸਲੀਨ ਗਲੋਵਰ ਨੇ ਦੱਸਿਆ ਕਿ ਉਸ ਨੂੰ ਸਕੂਲ ਤੋਂ ਫੋਨ ਆਇਆ ਸੀ ਕਿ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਹੈ ਅਤੇ ਇਕ ਹੋਰ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਗਲੋਵਰ ਨੇ ਕਿਹਾ, ‘ਇਸ ਸੰਦੇਸ਼ ਨਾਲ ਮੇਰਾ ਦਿਲ ਬੈਠ ਗਿਆ। ਮੈਂ ਇਹ ਸੋਚ ਕੇ ਘਬਰਾ ਗਈ ਕਿ ਉਹ ਵਿਅਕਤੀ ਮੇਰਾ ਪੁੱਤਰ ਤਾਂ ਨਹੀਂ ਹੈ।’ ਹਾਲਾਂਕਿ ਗਲੋਵਰ ਦਾ 9 ਸਾਲਾ ਪੁੱਤਰ ਕਾਰਲੋਸ ਉਸ ਸਮੇਂ ਦੁਪਹਿਰ ਦੇ ਖਾਣੇ ਦੀ ਛੁੱਟੀ ‘ਤੇ ਸੀ। ਉਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸਕੂਲ ਦੇ ਬੱਚੇ ਉੱਚੀ-ਉੱਚੀ ਰੋ ਰਹੇ ਸਨ। ਦੂਜੇ ਪਾਸੇ ਥਾਣਾ ਮੁਖੀ ਨੇ ਇਹ ਨਹੀਂ ਦੱਸਿਆ ਕਿ ਅਧਿਕਾਰੀ ਬੱਚੇ ਦੇ ਮਾਪਿਆਂ ਦੇ ਸੰਪਰਕ ‘ਚ ਹਨ ਜਾਂ ਨਹੀਂ। ਹਾਲਾਂਕਿ ਉਨ੍ਹਾਂ ਕਿਹਾ ਕਿ ਪੁਲੀਸ ਵਿਭਾਗ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ।