ਚੀਨ ਦੇ ਨਿਰਮਾਣ ਅਧੀਨ ਪੁਲਾੜ ਸਟੇਸ਼ਨ ਪਹੁੰਚਣ ਵਾਲੇ ਪੁਲਾੜ ਯਾਨ ‘ਚ ਸਵਾਰ ਤਿੰਨ ਪੁਲਾੜ ਯਾਤਰੀਆਂ ਨੇ ਬੁੱਧਵਾਰ ਨੂੰ ਆਪਣੇ ਤਿੰਨ ਸਾਥੀਆਂ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਦੇਸ਼ ਦੇ ਛੇ ਪੁਲਾੜ ਯਾਤਰੀ ਪਹਿਲੀ ਵਾਰ ਪੁਲਾੜ ‘ਚ ਇਕੱਠੇ ਹੋਏ। ਚੀਨ ਨੇ ਮੰਗਲਵਾਰ ਰਾਤ ਨੂੰ ਤਿੰਨ ਪੁਲਾੜ ਯਾਤਰੀਆਂ- ਫੇਈ ਜੁਨਲੋਂਗ, ਡੇਂਗ ਕਿੰਗਮਿੰਗ ਅਤੇ ਝਾਂਗ ਲੂ ਨੂੰ ਇਕ ਪੁਲਾੜ ਯਾਨ ‘ਚ ਆਪਣੇ ਨਿਰਮਾਣ ਅਧੀਨ ਪੁਲਾੜ ਸਟੇਸ਼ਨ ‘ਤੇ ਭੇਜਿਆ। ਚਾਈਨਾ ਮੈਨਡ ਸਪੇਸ ਏਜੰਸੀ ਮੁਤਾਬਕ ਸ਼ੇਨਜ਼ੂ-15 ਪੁਲਾੜ ਯਾਨ ਨੂੰ ਉੱਤਰ-ਪੱਛਮੀ ਚੀਨ ਦੇ ਜਿਉਕੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਲਾਂਚ ਕੀਤਾ ਗਿਆ ਸੀ। ਸਰਕਾਰੀ ਸ਼ਿਨਹੂਆ ਨਿਊਜ਼ ਏਜੰਸੀ ਨੇ ਦੱਸਿਆ ਕਿ ਤਿੰਨ ਨਵੇਂ ਚਾਲਕ ਦਲ ਦੇ ਮੈਂਬਰਾਂ ਦਾ ਪੁਲਾੜ ਸਟੇਸ਼ਨ ‘ਤੇ ਸਵਾਰ ਤਿੰਨ ਲੋਕਾਂ ਨੇ ਜੱਫੀ ਪਾ ਕੇ ਸਵਾਗਤ ਕੀਤਾ। ਉਨ੍ਹਾਂ ਨੇ ਇਕ ਗਰੁੱਪ ਫੋਟੋ ਵੀ ਖਿੱਚੀ। ਇਹ ਛੇ ਪੁਲਾੜ ਯਾਤਰੀ ਨਿਰਧਾਰਤ ਕੰਮਾਂ ਲਈ ਲਗਭਗ ਪੰਜ ਦਿਨ ਇਕੱਠੇ ਕੰਮ ਕਰਨਗੇ। ਇਸ ਤੋਂ ਬਾਅਦ ਛੇ ਮਹੀਨੇ ਤੱਕ ਸਪੇਸ ਸਟੇਸ਼ਨ ‘ਤੇ ਰਹੇ ਪਹਿਲੇ ਤਿੰਨ ਯਾਤਰੀ ਧਰਤੀ ‘ਤੇ ਪਰਤਣਗੇ। ਚੀਨ ਅਤੇ ਅਮਰੀਕਾ ਦੇ ਸਖ਼ਤ ਮੁਕਾਬਲੇ ਦੇ ਵਿਚਕਾਰ ਬੀਜਿੰਗ ਨੂੰ ਇਸ ਸਾਲ ਦੇ ਅੰਤ ਤੱਕ ਆਪਣੇ ਪੁਲਾੜ ਸਟੇਸ਼ਨ ਦਾ ਨਿਰਮਾਣ ਪੂਰਾ ਕਰਨ ਦੀ ਉਮੀਦ ਹੈ। ਨਿਰਮਾਣ ਪੂਰਾ ਹੋਣ ਤੋਂ ਬਾਅਦ ਚੀਨ ਇਕਲੌਤਾ ਦੇਸ਼ ਹੋਵੇਗਾ ਜਿਸ ਕੋਲ ਆਪਣਾ ਪੁਲਾੜ ਸਟੇਸ਼ਨ ਹੋਵੇਗਾ ਕਿਉਂਕਿ ਰੂਸ ਦਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਇਕ ਬਹੁ-ਰਾਸ਼ਟਰੀ ਪ੍ਰੋਜੈਕਟ ਹੈ।