ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਅਮਰੀਕਾ ਦੇ ਉਟਾਹ ‘ਚ ਸਾਹਮਣੇ ਆਇਆ ਹੈ ਜਿਥੇ ਇਕ 42 ਸਾਲਾ ਵਿਅਕਤੀ ਨੇ ਆਪਣੇ ਪੰਜ ਬੱਚਿਆਂ, ਪਤਨੀ ਅਤੇ ਸੱਸ ਨੂੰ ਘਰ ਦੇ ਅੰਦਰ ਹੀ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਕਿਹਾ ਕਿ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਉਸ ਵਿਅਕਤੀ ਦਾ ਨਾਂ ਮਾਈਕਲ ਹਾਈਟ ਸੀ। ਉਸ ਨੇ ਆਪਣੇ ਪਰਿਵਾਰ ਦੇ ਸੱਤ ਹੋਰ ਮੈਂਬਰਾਂ ਨੂੰ ਮਾਰਿਆ ਅਤੇ ਫਿਰ ਖ਼ੁਦ ਵੀ ਖੁਦਕੁਸ਼ੀ ਕਰ ਲਈ। ਇਹ ਘਟਨਾ ਹਨੋਕ ਸ਼ਹਿਰ ‘ਚ ਵਾਪਰੀ। ਰਿਪੋਰਟਾਂ ਦੇ ਅਨੁਸਾਰ ਪੁਲੀਸ ਨੂੰ ਐਨੋਕ ਸ਼ਹਿਰ ਦੇ ਛੋਟੇ ਉਟਾਹ ਟਾਊਨਸ਼ਿਪ ‘ਚ ਅੱਠ ਲਾਸ਼ਾਂ ਮਿਲੀਆਂ ਜਿਨ੍ਹਾਂ ਵਿੱਚੋਂ ਇਕ ਚਾਰ ਸਾਲ ਦੀ ਬੱਚੀ ਸੀ। ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਪੁਲੀਸ ਨੂੰ ਬੁਲਾਇਆ। ਸਾਰੇ ਪਰਿਵਾਰ ਲਈ ਚਿੰਤਤ ਸਨ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਬੁੱਧਵਾਰ ਨੂੰ ਇਕ ਹੀ ਪਰਿਵਾਰ ਦੇ ਤਿੰਨ ਬਾਲਗਾਂ ਅਤੇ ਪੰਜ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਸ਼ੱਕੀ ਨੇ ਘਰ ਦੇ ਸੱਤ ਹੋਰ ਲੋਕਾਂ ਨੂੰ ਮਾਰਨ ਤੋਂ ਬਾਅਦ ਆਪਣੀ ਜਾਨ ਲੈ ਲਈ। ਮਰਨ ਵਾਲਿਆਂ ‘ਚ ਉਸ ਦੀ ਪਤਨੀ, ਉਸ ਦੀ ਸੱਸ ਅਤੇ ਜੋੜੇ ਦੇ ਪੰਜ ਬੱਚੇ ਸ਼ਾਮਲ ਹਨ। ਇਸ ‘ਚ ਚਾਰ ਤੋਂ 17 ਸਾਲ ਦੀ ਉਮਰ ਦੀਆਂ ਤਿੰਨ ਲੜਕੀਆਂ ਅਤੇ ਦੋ ਲੜਕੇ ਸ਼ਾਮਲ ਹਨ। ਐਨੋਕ ਦੇ ਮੇਅਰ ਜੇਫਰੀ ਚੇਸਨੱਟ ਨੇ ਕਿਹਾ ਕਿ ਜ਼ਾਹਰ ਤੌਰ ‘ਤੇ ਗੋਲੀਬਾਰੀ ਦੀ ਇਹ ਘਟਨਾ ਵਿਆਹੁਤਾ ਸਬੰਧ ਟੁੱਟਣ ਤੋਂ ਬਾਅਦ ਵਾਪਰੀ। ਉਨ੍ਹਾਂ ਕਿਹਾ ਕਿ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਅਜਿਹਾ ਲੱਗਦਾ ਹੈ ਕਿ ਤਲਾਕ ਦੀ ਪਟੀਸ਼ਨ 21 ਦਸੰਬਰ ਨੂੰ ਦਾਇਰ ਕੀਤੀ ਗਈ ਸੀ ਅਤੇ ਇਹ ਪਤਨੀ ਵੱਲੋਂ ਦਾਇਰ ਕੀਤੀ ਗਈ ਸੀ। ਉਸ ਨੇ ਕਿਹਾ ਕਿ ਹਨੋਕ ਇਕ ਛੋਟਾ, ਨਜ਼ਦੀਕੀ ਭਾਈਚਾਰਾ ਹੈ ਜਿੱਥੇ ਲੋਕ ਇਕ ਦੂਜੇ ਨੂੰ ਜਾਣਦੇ ਹਨ। ਹਾਈਟਸ ਮੇਰੇ ਗੁਆਂਢੀ ਸਨ। ਉਨ੍ਹਾਂ ਦੇ ਸਭ ਤੋਂ ਛੋਟੇ ਬੱਚੇ ਮੇਰੇ ਪੁੱਤਰਾਂ ਨਾਲ ਮੇਰੇ ਵਿਹੜੇ ‘ਚ ਖੇਡਦੇ ਸਨ। ਪੁਲੀਸ ਨੇ ਕਿਹਾ ਕਿ ਉਹ ਅਪਰਾਧ ਦੇ ਸਬੰਧ ‘ਚ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੇ ਹਨ। ਚੀਫ ਜੈਕਸਨ ਐਮਸ ਨੇ ਕਿਹਾ ਕਿ ਅਧਿਕਾਰੀ ਪਰਿਵਾਰ ਤੋਂ ਜਾਣੂ ਸਨ।