ਕੋਵਿਡ-19 ‘ਚ ਸਰਕਾਰ ਵੱਲੋਂ ਆਮ ਲੋਕਾਂ ਲਈ ਐਲਾਨੀ ਮਦਦ ਰਾਸ਼ੀ ‘ਚ 47.4 ਮਿਲੀਅਨ ਡਾਲਰ ਦੇ ਘਪਲੇ ਦੇ ਦੋਸ਼ ‘ਚ ਓਂਟਾਰੀਓ ਦੇ ਸਿੱਖਿਆ ਵਿਭਾਗ ਦੇ ਭਾਰਤੀ ਮੂਲ ਦੇ ਸਾਬਕਾ ਅਧਿਕਾਰੀ ਸੰਜੇ ਮਦਾਨ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਸਣਯੋਗ ਹੈ ਕਿ ਸੰਜੇ ਮਦਾਨ ਨੇ 2020 ‘ਚ ਕੋਵਿਡ-19 ਮਦਦ ਤਹਿਤ ਰਕਮ 43,000 ਲੋਕਾਂ ਨੂੰ ਦਿੱਤੀ ਹੋਈ ਦਿਖਾ ਕੇ ਅਦਾਇਗੀ ਆਪਣੇ ਦੋ ਪੁੱਤਰਾਂ ਤੇ ਪਤਨੀ ਦੇ ਨਾਵਾਂ ‘ਤੇ ਖੋਲ੍ਹੇ 2841 ਬੈਂਕ ਖਾਤਿਆਂ ‘ਚ ਜਮ੍ਹਾਂ ਕਰਵਾ ਲਈ। ਉਸੇ ਸਾਲ ਸਤੰਬਰ ਮਹੀਨੇ ਘਪਲੇ ਦਾ ਪਤਾ ਲੱਗਿਆ ਤਾਂ ਉਸ ਦੀਆਂ ਸੇਵਾਵਾਂ ਖਤਮ ਕਰਕੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਸਾਲਾਨਾ 17 ਲੱਖ ਡਾਲਰ ਕਮਾਉਣ ਵਾਲੇ ਸੰਜੇ ਮਦਾਨ ਨੇ ਕਰੋੜਾਂ ਦੀ ਜਾਇਦਾਦ ਬਣਾਈ ਹੈ। ਜਾਂਚ ਟੀਮ ਨੇ ਵਿਭਾਗ ‘ਚ 10 ਸਾਲਾਂ ਦੌਰਾਨ ਸਕੂਲਾਂ ਲਈ ਖਰੀਦੇ ਕੰਪਿਊਟਰਾਂ ਅਤੇ ਫਰਜ਼ੀ ਸਲਾਹਕਾਰ ਕੰਪਨੀਆਂ ਦੇ ਨਾਂਅ ‘ਤੇ 3.5 ਕਰੋੜ ਡਾਲਰ ਦੀ ਹੇਰਾਫੇਰੀ ਦੇ ਸਬੂਤ ਲੱਭੇ। ਮਦਾਨ ਨੇ ਉਹ ਧੋਖਾਧੜੀ ਮੰਨ ਲਈ ਅਤੇ ਰਕਮ ਜਮ੍ਹਾਂ ਕਰਵਾ ਦਿੱਤੀ। ਪਰ ਕੁਝ ਹੋਰ ਜਾਂਚਾਂ ਹੋਣ ਮਗਰੋਂ ਉਸ ਵਲੋਂ ਕੀਤੇ ਘਪਲੇ ਦੀ ਰਕਮ ਪੌਣੇ ਪੰਜ ਕਰੋੜ ਡਾਲਰ ਤੱਕ ਜਾ ਪਹੁੰਚੀ। ਪੁਲੀਸ ਨੇ ਉਸ ਵਿਰੁੱਧ ਧੋਖਾਧੜੀ ਤੇ ਭਰੋਸੇ ਦਾ ਨਾਜਾਇਜ਼ ਫਾਇਦਾ ਉਠਾਉਣ ਸਣੇ 6 ਦੋਸ਼ ਆਇਦ ਕਰਦਿਆਂ ਉਸ ਦੇ ਦੋ ਪੁੱਤਰਾਂ ਤੇ ਪਤਨੀ ਸ਼ਾਲਿਨੀ ਮਦਾਨ ਨੂੰ ਸਹਿ-ਮੁਲਜ਼ਮ ਵਜੋਂ ਸ਼ਾਮਲ ਕਰ ਲਿਆ। ਇਸ ਦੌਰਾਨ ਸੰਜੇ ਮਦਾਨ ਨੇ ਜੱਜ ਮੂਹਰੇ ਇਕਬਾਲ ਕੀਤਾ ਕਿ ਉਸ ਨੇ ਪਰਿਵਾਰਕ ਮੈਂਬਰਾਂ ਤੋਂ ਸਚਾਈ ਲੁਕੋ ਕੇ ਉਨ੍ਹਾਂ ਦੇ ਨਾਵਾਂ ‘ਤੇ ਬੈਂਕ ਖਾਤੇ ਖੋਲ੍ਹੇ ਸਨ। ਬਚਾਅ ਪੱਖ ਦੇ ਵਕੀਲ ਨੇ ਇਸੇ ਗੱਲ ਨੂੰ ਆਧਾਰ ਬਣਾ ਕੇ ਜੱਜ ਨੂੰ ਸੰਜੇ ਦੇ ਬੇਟਿਆਂ ਅਤੇ ਪਤਨੀ ਦਾ ਲਿਹਾਜ਼ ਕਰਨ ਦੀ ਬੇਨਤੀ ਕੀਤੀ ਜਿਸ ਨੂੰ ਮੰਨ ਕੇ ਤਿੰਨਾਂ ਨੂੰ ਦੋਸ਼ਮੁਕਤ ਕਰਦਿਆਂ ਰਿਹਾਅ ਕਰ ਦਿਤਾ ਗਿਆ। ਓਂਟਾਰੀਓ ਸੂਬਾ ਪੁਲੀਸ ਦੇ ਜਾਂਚਕਰਤਾ ਰੈਫ ਕੋਵਾਨ ਨੇ ਕਿਹਾ ਕਿ ਦੋਸ਼ੀ ਵੱਲੋਂ ਧੋਖਾਧੜੀ ਵਾਲੀ ਸਾਰੀ ਰਕਮ ਅਗਲੇ 15 ਸਾਲਾਂ ‘ਚ ਸਰਕਾਰੀ ਖਜ਼ਾਨੇ ‘ਚ ਜਮ੍ਹਾਂ ਕਰਵਾਉਣ ਦਾ ਭਰੋਸਾ ਦੇਣ ‘ਤੇ ਉਸ ਨੂੰ 10 ਸਾਲ ਦੀ ਕੈਦ ਸੁਣਾਈ ਗਈ ਹੈ। ਰਿਹਾਈ ਤੋਂ ਬਾਅਦ ਜੇਕਰ ਉਹ ਪੰਜ ਸਾਲਾਂ ‘ਚ ਸਾਰੀ ਰਕਮ ਸਰਕਾਰੀ ਖਜ਼ਾਨੇ ‘ਚ ਜਮ੍ਹਾਂ ਨਾ ਕਰਵਾ ਸਕਿਆ ਤਾਂ ਉਸ ਨੂੰ 6 ਸਾਲ ਹੋਰ ਜੇਲ੍ਹ ਕੱਟਣੀ ਪਵੇਗੀ।