ਆਸਟਰੇਲੀਆ ਦੇ ਮੱਧ ਵਿਕਟੋਰੀਆ ਸੂਬੇ ‘ਚ ਇਕ 41 ਸਾਲਾ ਭਾਰਤੀ ਮੂਲ ਦੇ ਵਿਅਕਤੀ ‘ਤੇ ਖ਼ਤਰਨਾਕ ਡਰਾਈਵਿੰਗ ਦੇ ਚਾਰ ਦੋਸ਼ ਲਗਾਏ ਗਏ ਹਨ ਜਿਸ ਕਾਰਨ ਪੰਜਾਬ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹਰਿੰਦਰ ਸਿੰਘ ਰੰਧਾਵਾ ਪੁਲੀਸ ਹਿਰਾਸਤ ‘ਚ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਇਸ ਮਹੀਨੇ ਦੇ ਸ਼ੁਰੂ ‘ਚ ਜਦੋਂ ਉਹ ਚਾਰ ਯਾਤਰੀਆਂ ਨਾਲ ਇਕ ਪਿਊਜੋਟ ਚਲਾ ਰਿਹਾ ਸੀ ਉਦੋਂ ਸ਼ੈਪਰਟਨ ਨੇੜੇ ਪਾਈਨ ਲਾਜ ਦੇ ਇਕ ਚੌਰਾਹੇ ‘ਤੇ ਉਸ ਦੀ ਟੱਕਰ ਇਕ ਇਕ ਟੋਇਟਾ ਹਿਲਕਸ ਯੂਟੀਈ ਨਾਲ ਹੋ ਗਈ। ਜਾਣਕਾਰੀ ਮੁਤਾਬਕ ਰੰਧਾਵਾ ਨੂੰ 8 ਜੂਨ ਨੂੰ ਮੈਲਬੌਰਨ ਮੈਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਪੁਲੀਸ ਨੇ ਕਿਹਾ ਕਿ ਚਾਰ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲੀਸ ਨੇ ਅੱਗੇ ਦੱਸਿਆ ਕਿ ਉਹ ਜਾਂਚ ਕਰ ਰਹੀ ਹੈ ਕਿ ਉਨ੍ਹਾਂ ਨੇ ਸੀਟ ਬੈਲਟ ਪਹਿਨੀ ਹੋਈ ਸੀ ਜਾਂ ਨਹੀਂ। ਮ੍ਰਿਤਕਾਂ ਦੀ ਪਛਾਣ ਮੁਕਤਸਰ ਨਿਵਾਸੀ ਹਰਪਾਲ ਸਿੰਘ, ਜਲੰਧਰ ਵਾਸੀ ਭੁਪਿੰਦਰ ਸਿੰਘ, ਤਰਨਤਾਰਨ ਨਿਵਾਸੀ ਬਲਜਿੰਦਰ ਸਿੰਘ ਅਤੇ ਕਿਸ਼ਨ ਸਿੰਘ ਵਜੋਂ ਹੋਈ। ਮੈਲਬੌਰਨ ਸਥਿਤ ਸਮਾਜ ਸੇਵੀ ਫੁਲਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਚਾਰੇ ਮ੍ਰਿਤਕ ਪੰਜਾਬ ਰਾਜ ਨਾਲ ਸਬੰਧਤ ਸਨ ਅਤੇ ਆਸਟਰੇਲੀਆ ‘ਚ ਵਿਜ਼ਟਰ ਵੀਜ਼ੇ ‘ਤੇ ਸਨ। ਵਿਕਟੋਰੀਆ ਪੁਲੀਸ ਦੇ ਕਾਰਜਕਾਰੀ ਸਹਾਇਕ ਕਮਿਸ਼ਨਰ ਜਸਟਿਨ ਗੋਲਡਸਮਿਥ ਨੇ ਮੀਡੀਆ ਨੂੰ ਦੱਸਿਆ ਕਿ ਸ਼ੁਰੂਆਤੀ ਸੰਕੇਤ ‘ਟੀ-ਬੋਨ ਕਿਸਮ ਦੀ ਟੱਕਰ’ ਵੱਲ ਇਸ਼ਾਰਾ ਕਰਦੇ ਹਨ, ਯਾਨੀ ਜਦੋਂ ਇਕ ਵਾਹਨ ਦਾ ਅਗਲਾ ਹਿੱਸਾ ਦੂਜੇ ਦੇ ਸਾਈਡ ਨਾਲ ਟਕਰਾ ਜਾਂਦਾ ਹੈ, ਇਕ ‘ਟੀ’ ਆਕਾਰ ਬਣ ਜਾਂਦਾ ਹੈ। ਟੋਇਟਾ ਹਿਲਕਸ ਦਾ 29 ਸਾਲਾ ਡਰਾਈਵਰ ਗੰਭੀਰ ਰੂਪ ‘ਚ ਜ਼ਖਮੀ ਨਹੀਂ ਹੋਇਆ ਅਤੇ ਪੁਲੀਸ ਦੀ ਸਹਾਇਤਾ ਲਈ ਰੁਕ ਗਿਆ। ਐਂਬੂਲੈਂਸ ਵਿਕਟੋਰੀਆ ਦੇ ਅਨੁਸਾਰ ਬਾਅਦ ‘ਚ ਉਸਨੂੰ ਮਾਮੂਲੀ ਸੱਟਾਂ ਨਾਲ ਸਥਿਰ ਹਾਲਤ ‘ਚ ਗੌਲਬਰਨ ਵੈਲੀ ਹੈਲਥ ਹਸਪਤਾਲ ਲਿਜਾਇਆ ਗਿਆ।