ਦੋ ਨਾਬਾਲਗ ਸਕੂਲੀ ਵਿਦਿਆਰਥਣਾਂ ਵੱਲੋਂ ਆਪਣੀ 12 ਸਾਲਾ ਸਹਿਪਾਠੀ ਦਾ 30 ਵਾਰ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਦਿਲ ਦਹਿਲਾ ਦੇਣ ਵਾਲਾ ਮਾਮਲਾ ਜਰਮਨੀ ਦਾ ਹੈ। ਦੋਵਾਂ ਵਿਦਿਆਰਥਣਾਂ ਨੇ ਕਤਲ ਕਰਨ ਦਾ ਜੁਰਮ ਕਬੂਲ ਕਰ ਲਿਆ ਹੈ। ਉਹ ਸਹਿਪਾਠੀ ਨੂੰ ਵਰਗਲਾ ਕੇ ਜੰਗਲ ‘ਚ ਲੈ ਗਈਆਂ ਸਨ, ਜਿੱਥੇ ਉਨ੍ਹਾਂ ਨੇ ਚਾਕੂ ਨਾਲ ਵਾਰ ਕਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦਰਅਸਲ ਇਹ ਪੂਰੀ ਘਟਨਾ ਉੱਤਰੀ ਰਾਈਨ-ਵੈਸਟਫਾਲੀਆ ਦੇ ਪੱਛਮੀ ਸੂਬੇ ਦੇ ਫਰੂਡੇਨਬਰਗ ਸ਼ਹਿਰ ਦੀ ਹੈ। ਉਥੇ ਲੁਈਸ ਨਾਂ ਦੀ ਕੁੜੀ ਆਪਣੇ ਦੋਸਤ ਨੂੰ ਮਿਲਣ ਗਈ ਸੀ ਪਰ ਉਹ ਉਥੋਂ ਲਾਪਤਾ ਹੋ ਗਈ। ਜਦੋਂ ਲੁਈਸ ਘਰ ਨਹੀਂ ਪਰਤੀ ਤਾਂ ਉਸ ਦੇ ਮਾਪਿਆਂ ਨੂੰ ਚਿੰਤਾ ਹੋਈ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਦਰਜਨਾਂ ਪੁਲੀਸ ਮੁਲਾਜ਼ਮਾਂ ਨੇ ਹੈਲੀਕਾਪਟਰ, ਡਰੋਨ ਅਤੇ ਸਨੀਫਰ ਡੌਗ ਦੀ ਮਦਦ ਨਾਲ ਪੀੜਤ ਦੇ ਘਰ ਦੇ ਆਲੇ-ਦੁਆਲੇ ਵਿਆਪਕ ਤਲਾਸ਼ੀ ਲਈ। ਫਿਰ ਉਨ੍ਹਾਂ ਨੂੰ ਲੁਈਸ ਦੀ ਲਾਸ਼ ਜੰਗਲ ‘ਚ ਮਿਲੀ। ਸ਼ਿਕਾਇਤ ਦੇ ਆਧਾਰ ‘ਤੇ ਪੁਲੀਸ ਨੇ ਲਾਸ਼ ਦੀ ਪਛਾਣ ਕੀਤੀ। ਪੁਲੀਸ ਨੇ ਦੱਸਿਆ ਕਿ ਲੁਈਸ ਨੂੰ ਬੇਰਹਿਮੀ ਨਾਲ 30 ਵਾਰ ਚਾਕੂ ਮਾਰਿਆ ਗਿਆ ਸੀ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕੋਬਲੇਨਜ਼ ਪੁਲੀਸ ਦੇ ਹੋਮਿਸਾਈਡ ਚੀਫ ਫਲੋਰੀਅਨ ਲਾਕਰ ਨੇ ਕਿਹਾ ਕਿ 12 ਅਤੇ 13 ਸਾਲ ਦੀਆਂ ਦੋ ਕੁੜੀਆ ਨੇ 12 ਸਾਲਾ ਸਕੂਲੀ ਵਿਦਿਆਰਥਣ ਦੀ ਕਤਲ ਦਾ ਇਕਬਾਲ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਲੁਈਸ ਸ਼ਨੀਵਾਰ ਦੁਪਹਿਰ ਤੋਂ ਲਾਪਤਾ ਸੀ। ਫਲੋਰੀਅਨ ਲੌਕਰ ਨੇ ਦੱਸਿਆ ਕਿ ਦੋ ਜਮਾਤੀਆਂ ਉਸ ਨੂੰ ਜੰਗਲ ‘ਚ ਲੈ ਗਈਆਂ ਸਨ ਜਿੱਥੇ ਉਨ੍ਹਾਂ ਨੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਦੋਵੇਂ ਕੁੜੀਆਂ ਨੇ ਮਾਮਲੇ ਸਬੰਧੀ ਬਿਆਨ ਦਿੱਤੇ ਅਤੇ ਆਖਰਕਾਰ ਜੁਰਮ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਉਹ ਪਹਿਲਾਂ ਤੋਂ ਹੀ ਇਕ ਦੂਜੇ ਤੋਂ ਜਾਣੂ ਸਨ।