ਭਾਰਤੀ ਨਿਸ਼ਾਨੇਬਾਜ਼ ਰਿਦਮ ਸਾਂਗਵਾਨ ਨੇ ਆਈ.ਐੱਸ.ਐੱਸ.ਐੱਫ. ਵਰਲਡ ਕੱਪ ਰਾਈਫ਼ਲ/ਪਿਸਟਲ ਮੁਕਾਬਲੇ ‘ਚ ਮਹਿਲਾਵਾਂ ਦੇ 25 ਮੀਟਰ ਪਿਸਟਲ ਈਵੈਂਟ ਦੇ ਕੁਆਲੀਫਿਕੇਸ਼ਨ ਰਾਊਂਡ ‘ਚ 29 ਸਾਲ ਪੁਰਾਣਾ ਰਿਕਾਰਡ ਤੋੜਿਆ ਪਰ ਉਹ ਫਾਈਨਲ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਅੱਠਵੇਂ ਸਥਾਨ ‘ਤੇ ਰਹੀ। ਰਿਦਮ ਨੇ 25 ਮੀਟਰ ਪਿਸਟਲ ਕੁਆਲੀਫਿਕੇਸ਼ਨ ‘ਚ 595 ਅੰਕ ਬਣਾ ਕੇ ਸਿਖਰਲਾ ਸਥਾਨ ਹਾਸਲ ਕੀਤਾ ਅਤੇ ਬੁਲਗਾਰੀਆ ਦੀ ਡਾਇਨਾ ਇਓਰਗੋਵਾ ਦੇ 1994 ‘ਚ ਮਿਲਾਨ ‘ਚ ਬਣਾਏ ਗਏ ਰਿਕਾਰਡ ਨੂੰ ਤੋੜਿਆ। ਇਸ ਦੌਰਾਨ ਦੋ ਵਾਰ ਇਓਰਗੋਵਾ ਦੇ ਰਿਕਾਰਡ ਦੀ ਬਰਾਬਰੀ ਕੀਤੀ ਗਈ। ਭੋਪਾਲ ‘ਚ ਇਸ ਸਾਲ ਮਾਰਚ ‘ਚ ਖੇਡੇ ਗਏ ਵਰਲਡ ਕੱਪ ‘ਚ ਜਰਮਨੀ ਦੀ ਡੋਰੇਨ ਵੇਨੇਕੈਂਪ ਨੇ ਵੀ ਇਸ ਰਿਕਾਰਡ ਦੀ ਬਰਾਬਰੀ ਕੀਤੀ ਸੀ। ਡੋਰੇਨ ਨੇ ਬਾਕੂ ‘ਚ ਕਾਂਸੇ ਦਾ ਤਗ਼ਮਾ ਜਿੱਤਿਆ ਜਦਕਿ ਚੀਨ ਦੀ ਫੇਂਗ ਸਿਕਸੁਆਨ ਨੇ ਫਾਈਨਲ ‘ਚ ਇਰਾਨ ਦੀ ਹਨਿਯਾਹ ਰੋਸਤਮਿਆਨ ਨੂੰ ਹਰਾ ਕੇ ਵਰਲਡ ਕੱਪ ਦੇ ਇਸ ਮੁਕਾਬਲੇ ‘ਚ ਲਗਾਤਾਰ ਦੂਜਾ ਸੋਨ ਤਗ਼ਮਾ ਜਿੱਤਿਆ। ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ‘ਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਰਿਦਮ ਫਾਈਨਲ ‘ਚ ਬਾਹਰ ਹੋਣ ਵਾਲੀ ਪਹਿਲੀ ਨਿਸ਼ਾਨੇਬਾਜ਼ ਸੀ। ਉਸ ਨੇ ਮਹਿਲਾਵਾਂ ਦੇ 25 ਮੀਟਰ ਪਿਸਟਲ ਈਵੈਂਟ ‘ਚ ਜੂਨੀਅਰ ਵਰਗ ਦਾ 34 ਸਾਲ ਪੁਰਾਣਾ ਰਿਕਾਰਡ ਵੀ ਤੋੜਿਆ।