ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੀਤੀ ਹੱਤਿਆ ਦੇ ਪੰਜ ਮਹੀਨੇ ਬੀਤਣ ਮਗਰੋਂ ਵੀ ਹਰ ਐਤਵਾਰ ਉਸਦੇ ਪਿੰਡ ‘ਚ ਮਰਹੂਮ ਗਾਇਕ ਨੂੰ ਚਾਹੁਣ ਵਾਲੇ ਵੱਡੀ ਗਿਣਤੀ ‘ਚ ਇਕੱਠੇ ਹੁੰਦੇ ਹਨ। ਇਸ ਇਕੱਠ ਦੌਰਾਨ ਅੱਜ ਸਿੱਧੂ ਮੂਸੇਵਾਲਾ ਦੇ ਮਾਪਿਆਂ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਂ ਚਰਨ ਕੌਰ ਨੇ ਇਕ ਵੱਡਾ ਐਲਾਨ ਕਰਕੇ ਪੰਜਾਬ ਸਰਕਾਰ ਲਈ ਵੱਡੀ ਸਿਰਦਰਦੀ ਪੈਦਾ ਕਰ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ 25 ਨਵੰਬਰ ਤੱਕ ਇਨਸਾਫ਼ ਨਾ ਦਿੱਤਾ ਤਾਂ ਉਹ ਕੇਸ ਵਾਪਸ ਲੈ ਕੇ ਦੇਸ਼ ਛੱਡ ਜਾਣਗੇ, ਇਸ ਲਈ ਭਾਵੇਂ ਉਨ੍ਹਾਂ ਨੂੰ ਬੰਗਲਾਦੇਸ਼ ਹੀ ਕਿਉਂ ਨਾ ਜਾਣਾ ਪਵੇ। ਇਸ ਨਾਲ ਹੁਣ ਪੰਜਾਬ ਸਰਕਾਰ ਤੇ ਨਾਲ-ਨਾਲ ਪੰਜਾਬ ਪੁਲੀਸ ‘ਤੇ ਵੀ ਅਗਲੇ 25 ਦਿਨਾਂ ਅੰਦਰ ਜਾਂਚ ਮੁਕੰਮਲ ਕਰਕੇ ਇਨਸਾਫ਼ ਦੇਣ ਦਾ ਦਬਾਅ ਵਧ ਗਿਆ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਹ 25 ਦਿਨ ਹੋਰ ਉਡੀਕ ਕਰਨਗੇ। ਜੇਕਰ 25 ਨਵੰਬਰ ਤੋਂ ਪਹਿਲਾਂ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਕੇਸ ਵਾਪਸ ਲੈ ਲੈਣਗੇ ਕਿਉਂਕਿ ਇਸ ਤੋਂ ਬਾਅਦ ਇਨਸਾਫ਼ ਮਿਲਣ ਦੀ ਉਮੀਦ ਹੀ ਨਹੀਂ ਬਚਦੀ। ਹੁਣ ਤੱਕ ਕਈ ਵਾਰ ਭਰੋਸੇ ਦਿਵਾਏ ਜਾ ਚੁੱਕੇ ਹਨ ਪਰ ਅਮਲੀ ਰੂਪ ‘ਚ ਪੰਜਾਬ ਪੁਲੀਸ ਤੇ ਸਰਕਾਰ ਓਨੀ ਗੰਭੀਰਤਾ ਨਾਲ ਜਾਂਚ ਕਰਕੇ ਇਨਸਾਫ਼ ਦੇਣ ਦੇ ਰੌਂਅ ‘ਚ ਦਿਖਾਈ ਨਹੀਂ ਦਿੰਦੀ ਜਿੰਨੀ ਸੰਜੀਦਗੀ ਨਾਲ ਕੰਮ ਹੋਣਾ ਚਾਹੀਦਾ ਸੀ। ਉਲਟਾ ਗੈਂਗਸਟਰਾਂ ਨੂੰ ਫਾਈਵ ਸਟਾਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤੇ ਉਨ੍ਹਾਂ ਨਾਲ ਪਾਰਟੀਆਂ ਕਰਕੇ ਜਸ਼ਨਾਂ ‘ਚ ਸ਼ਾਮਲ ਹੋਇਆ ਜਾ ਰਿਹਾ ਹੈ। ਸਰਕਾਰ ਤੇ ਸਿਸਟਮ ‘ਤੇ ਸਵਾਲ ਖੜ੍ਹੇ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਦੇਸ਼ ਦੀ ਸੇਵਾ ਕਰਦਿਆਂ ਉਹ ਸੇਵਾਮੁਕਤ ਹੋਇਆ ਅਤੇ ਪੁੱਤ ਦੀ ਮੌਤ ਤੋਂ ਬਾਅਦ ਲਗਾਤਾਰ ਇਨਸਾਫ਼ ਮੰਗ ਰਹੇ ਹਨ। ਪਰ ਇਨਸਾਫ਼ ਦੇਣ ਦੀ ਥਾਂ ਉਲਟਾ ਉਨ੍ਹਾਂ ਨੂੰ ਹੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਸਿਸਟਮ ਦੇ ਸਤਾਏ ਨੌਜਵਾਨ ਦੇਸ਼ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ। ਸਿੱਧੂ ਮੂਸੇਵਾਲਾ ਨਾਲ ਹਮਦਰਦੀ ਰੱਖਣ ਵਾਲਿਆਂ ਨੂੰ ਵੀ ਤੰਗ ਕੀਤਾ ਜਾ ਰਿਹਾ ਅਤੇ ਇਸ ਮਾਮਲੇ ‘ਚ ਕੁੜੀਆਂ ਨਾਲ ਵੀ ਲਿਹਾਜ਼ ਨਹੀਂ ਕੀਤੀ ਜਾ ਰਹੀ। ਇਕ ਪਾਸੇ ਐੱਨ.ਆਈ.ਏ. ਅਫਸਾਨਾ ਖ਼ਾਨ ਨੂੰ ਪੁੱਛਗਿੱਛ ਲਈ ਸੱਦਦੀ ਹੈ ਤਾਂ ਦੂਜੇ ਪਾਸੇ ਗਾਇਕਾ ਜੈਨੀ ਜੌਹਲ ਨੂੰ ਗਾਣੇ ਰਾਹੀਂ ਇਨਸਾਫ਼ ਦੀ ਆਵਾਜ਼ ਚੁੱਕਣ ‘ਤੇ ਨੋਟਿਸ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਬਾਰੇ ਸਰਕਾਰ ਜਾਂ ਕਿਸੇ ਜਾਂਚ ਏਜੰਸੀ ਤੇ ਪੁਲੀਸ ਨੇ ਜੇਕਰ ਕੁਝ ਪੁੱਛਣਾ ਹੈ ਤਾਂ ਉਨ੍ਹਾਂ ਨੂੰ ਪੁੱਛਿਆ ਜਾਵੇ ਨਾ ਕਿ ਹਮਦਰਦੀ ਰੱਖਣ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਵੇ। ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਕਿਸੇ ਦਾ ਬੁਰਾ ਨਹੀਂ ਕੀਤਾ ਫਿਰ ਵੀ ਕੁਝ ਲੋਕ ਬਦਨਾਮ ਕਰ ਰਹੇ ਹਨ।