ਕਾਂਗਰਸ ਪਾਰਟੀ ਦੇ 137 ਦੇ ਇਤਿਹਾਸ ‘ਚ ਪਾਰਟੀ ਪ੍ਰਧਾਨ ਲਈ 6ਵੀਂ ਵਾਰ ਹੋਈ ਚੋਣ ‘ਚ ਮਲਿਕਾਰਜੁਨ ਖੜਗੇ ਪ੍ਰਧਾਨ ਚੁਣੇ ਗਏ ਹਨ। ਪੂਰੇ 24 ਸਾਲ ਬਾਅਦ ਕਾਂਗਰਸ ਦੀ ਕਮਾਨ ਗਾਂਧੀ ਪਰਿਵਾਰ ਤੋਂ ਬਾਹਰਲੇ ਕਿਸੇ ਸ਼ਖ਼ਸ ਦੇ ਹੱਥ ਆਈ ਹੈ। ਖੜਗੇ ਨੇ ਇਸ ਚੋਣ ‘ਚ ਸ਼ਸ਼ੀ ਥਰੂਰ ਨੂੰ ਹਰਾਇਆ। ਇਸ ਤੋਂ ਪਹਿਲਾਂ ਸੀਤਾਰਾਮ ਕੇਸਰੀ ਗ਼ੈਰ-ਗਾਂਧੀ ਕਾਂਗਰਸ ਪ੍ਰਧਾਨ ਸਨ, ਜਿਨ੍ਹਾਂ ਨੂੰ 1998 ‘ਚ ਦੋ ਸਾਲ ਦੇ ਕਾਰਜਕਾਲ ਮਗਰੋਂ ਗੈਰਰਸਮੀ ਤਰੀਕੇ ਨਾਲ ਹਟਾ ਦਿੱਤਾ ਗਿਆ ਸੀ। ਕਾਂਗਰਸ ਦੀ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਖੜਗੇ ਨੂੰ ਜੇਤੂ ਐਲਾਨਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਦੀ ਚੋਣ ਲਈ ਕੁੱਲ 9385 ਵੋਟਾਂ ਪੋਲ ਹੋਈਆਂ, ਜਿਸ ਵਿੱਚੋਂ ਖੜਗੇ ਨੂੰ 7897 ਤੇ ਥਰੂਰ ਨੂੰ 1072 ਵੋਟਾਂ ਪਈਆਂ ਜਦਕਿ 416 ਵੋਟਾਂ ਅਯੋਗ ਨਿਕਲੀਆਂ। ਖੜਗੇ, ਜਿਨ੍ਹਾਂ ਨੂੰ ਪੋਲਿੰਗ ਦੌਰਾਨ 84 ਫੀਸਦ ਦੇ ਕਰੀਬ ਵੋਟਾਂ ਪਈਆਂ, 26 ਅਕਤੂਬਰ ਨੂੰ ਰਸਮੀ ਤੌਰ ‘ਤੇ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣਗੇ। ਉਧਰ ਥਰੂਰ ਟੀਮ ਨੇ ਕੇਂਦਰੀ ਚੋਣ ਅਥਾਰਿਟੀ ਨੂੰ ਲਿਖੇ ਪੱਤਰ ‘ਚ ਉੱਤਰ ਪ੍ਰਦੇਸ਼, ਪੰਜਾਬ ਤੇ ਤਿਲੰਗਾਨਾ ‘ਚ ਪੋਲਿੰਗ ਦੌਰਾਨ ‘ਗੰਭੀਰ ਬੇਨਿਯਮੀਆਂ’ ਹੋਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੜਗੇ ਨੂੰ ਕਾਂਗਰਸ ਪ੍ਰਧਾਨ ਚੁਣੇ ਜਾਣ ‘ਤੇ ਵਧਾਈ ਦਿੱਤੀ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿੱਲੀ ਸਥਿਤ ਹੈੱਡਕੁਆਰਟਰ ‘ਤੇ ਚੋਣ ਨਤੀਜਿਆਂ ਦਾ ਐਲਾਨ ਕਰਨ ਲਈ ਰੱਖੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੇ ਥਰੂਰ ਟੀਮ ਵੱਲੋਂ ਕੀਤੀਆਂ ਸ਼ਿਕਾਇਤਾਂ ਬਾਰੇ ਪੁੱਛਿਆ ਤਾਂ ਮਿਸਤਰੀ ਨੇ ਕਿਹਾ ਕਿ ਉਹ ਪੱਤਰਾਂ ਦਾ ਨੁਕਤਾ ਦਰ ਨੁਕਤਾ ਜਵਾਬ ਦੇਣਗੇ। ਉਂਜ ਮਿਸਤਰੀ ਨੇ ਕਿਹਾ ਕਿ ਇਹ ਪੱਤਰ ਪ੍ਰੈੱਸ ਨੂੰ ਲੀਕ ਕਰਨ ਦੀ ਥਾਂ ਥਰੂਰ ਟੀਮ ਨੂੰ ਪੋਲ ਅਥਾਰਿਟੀ ਨਾਲ ਸਿੱਧਾ ਰਾਬਤਾ ਕਰਨਾ ਚਾਹੀਦਾ ਸੀ। ਮਿਸਤਰੀ ਨੇ ਕਿਹਾ ਕਿ ਪੱਤਰ ਵਿਚਲੇ ਵਿਸ਼ਾ-ਵਸਤੂ ਦਾ ਕੋਈ ਆਧਾਰ ਨਹੀਂ ਹੈ ਤੇ ਸ਼ਿਕਾਇਤ ‘ਚ ਕੁਝ ਖਾਸ ਨਹੀਂ ਹੈ। ਇਸ ਦੌਰਾਨ ਕਾਂਗਰਸ ਹੈੱਡਕੁਆਰਟਰ ਦੇ ਬਾਹਰ ਤਿਓਹਾਰ ਵਰਗਾ ਮਾਹੌਲ ਸੀ। ਪਾਰਟੀ ਵਰਕਰਾਂ ਨੇ ਹੱਥਾਂ ‘ਚ ਰਾਹੁਲ ਗਾਂਧੀ ਦੀਆਂ ਤਸਵੀਰਾਂ ਤੇ ਝੰਡੇ ਫੜ ਕੇ ਢੋਲ ਵਜਾਏ। ਖੜਗੇ, ਜਿਨ੍ਹਾਂ ਨੂੰ 50 ਸਾਲਾਂ ਦਾ ਸਿਆਸੀ ਤਜਰਬਾ ਹੈ, ਐੱਸ. ਨਿਜਾਲਿੰਗੱਪਾ ਮਗਰੋਂ ਕਰਨਾਟਕ ਤੋਂ ਦੂਜੇ ਕਾਂਗਰਸ ਪ੍ਰਧਾਨ ਹਨ। ਜਗਜੀਵਨ ਰਾਮ ਤੋਂ ਬਾਅਦ ਉਹ ਦੂਜੇ ਦਲਿਤ ਆਗੂ ਹਨ, ਜੋ ਕਾਂਗਰਸ ਪ੍ਰਧਾਨ ਬਣੇ ਹਨ। ਖੜਗੇ 1969 ‘ਚ ਕਾਂਗਰਸ ‘ਚ ਸ਼ਾਮਲ ਹੋਏ ਸਨ ਤੇ ਮਗਰੋਂ ਉਹ ਗੁਲਬਰਗਾ ਸਿਟੀ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਬਣੇ। ਖੜਗੇ ਲਗਾਤਾਰ 9 ਵਾਰ ਵਿਧਾਇਕ ਵੀ ਚੁਣੇ ਗਏ। ਉਹ ਦੋ ਵਾਰ ਲੋਕ ਸਭਾ ਮੈਂਬਰ ਤੇ ਇਕ ਵਾਰ ਰਾਜ ਸਭਾ ਮੈਂਬਰ ਵੀ ਰਹੇ।