23 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਸੇਰੇਨਾ ਵਿਲੀਅਮਜ਼ ਨੇ ਟੈਨਿਸ ਨੂੰ ਅਲਵਿਦਾ ਕਹਿ ਦਿੱਤਾ ਹੈ। ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਟੈਨਿਸ ਕੋਰਟ ‘ਤੇ ਕਈ ਰਿਕਾਰਡ ਕਾਇਮ ਕਰਨ ਵਾਲੀ 41 ਸਾਲਾ ਸੇਰੇਨਾ ਵਿਲੀਅਮਜ਼ ਯੂ.ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ ‘ਚ ਹੀ ਹਾਰ ਗਈ ਪਰ ਉਸ ਨੇ ਪਹਿਲਾਂ ਹੀ ਸੰਕੇਤ ਦਿੱਤਾ ਸੀ ਕਿ ਯੂ.ਐੱਸ. ਓਪਨ ਉਸ ਦਾ ਆਖਰੀ ਟੂਰਨਾਮੈਂਟ ਹੋਵੇਗਾ। ਸ਼ੁੱਕਰਵਾਰ ਰਾਤ ਤਿੰਨ ਘੰਟੇ ਤੋਂ ਵੱਧ ਚੱਲੇ ਮੈਚ ‘ਚ ਉਸ ਨੂੰ ਅਜਲਾ ਤੋਮਲਾਜਾਨੋਵਿਕ ਤੋਂ 7-5, 6-7 (4), 6-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸੇਰੇਨਾ ਦਾ ਸ਼ਾਟ ਨੈੱਟ ‘ਤੇ ਲੱਗਾ ਤਾਂ ਉਸ ਦੀਆਂ ਅੱਖਾਂ ਛਲਕ ਗਈਆਂ। ਉਸ ਨੇ ਮੈਚ ਤੋਂ ਬਾਅਦ ਕਿਹਾ, ‘ਇਹ ਮੇਰੇ ਲਈ ਹੁਣ ਤੱਕ ਦੀ ਸਭ ਤੋਂ ਸ਼ਾਨਦਾਰ ਸਫਰ ਰਿਹਾ ਹੈ। ਮੈਂ ਉਨ੍ਹਾਂ ਸਾਰਿਆਂ ਦੀ ਧੰਨਵਾਦੀ ਹਾਂ, ਜਿਨ੍ਹਾਂ ਨੇ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।’ ਇਸ ਤੋਂ ਪਹਿਲਾਂ ਵੀਨਸ ਵਿਲੀਅਮਜ਼ ਅਤੇ ਸੇਰੇਨਾ ਵਿਲੀਅਮਜ਼ ਦੀ ਜੋੜੀ ਯੂ.ਐੱਸ. ਓਪਨ ਮਹਿਲਾ ਡਬਲਜ਼ ਮੁਕਾਬਲੇ ਦੇ ਪਹਿਲੇ ਗੇੜ ‘ਚ ਹਾਰ ਕੇ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਈ। ਵਿਲੀਅਮਜ਼ ਭੈਣਾਂ ਨੂੰ ਚੈੱਕ ਗਣਰਾਜ ਦੀ ਲੂਸੀ ਰੈਡੇਕਾ ਅਤੇ ਲਿੰਡਾ ਨੋਸਕੋਵਾ ਦੀ ਜੋੜੀ ਨੇ 7-6 (5), 6-4 ਨਾਲ ਹਰਾਇਆ। ਲੂਸੀ (37) ਅਤੇ ਲਿੰਡਾ (17) ਨੇ ਉਮਰ ਦੇ ਫ਼ਰਕ ਦੇ ਬਾਵਜੂਦ 14 ਵਾਰ ਡਬਲਜ਼ ਗਰੈਂਡ ਸਲੈਮ ਜੇਤੂ ਜੋੜੀ ਖ਼ਿਲਾਫ਼ 63 ਮਿੰਟ ਤੱਕ ਚੱਲੇ ਮੁਕਾਬਲੇ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੋਵਾਂ ਭੈਣਾਂ ਨੇ ਹਾਰ ਮਗਰੋਂ ਫੌਰੀ ਆਪਣਾ ਸਾਮਾਨ ਪੈਕ ਕਰ ਲਿਆ। ਲੋਕਾਂ ਦੀ ਭੀੜ ਵੱਲ ਹੱਥ ਹਿਲਾਇਆ ਅਤੇ ਇਕੱਠਿਆਂ ਹੀ ਆਪਣੇ ਲਾਕਰ ਰੂਮ ਵੱਲ ਚਲੀਆਂ ਗਈਆਂ।