ਅਚਨਚੇਤ ਪੰਜਾਬ ਸਰਕਾਰ ਨੇ 22 ਸਤੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਲਿਆ ਹੈ ਜਿਸ ‘ਚ ਪੰਜਾਬ ਸਰਕਾਰ ਵਿਸ਼ਵਾਸ ਮਤਾ ਲਿਆਵੇਗੀ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ‘ਲੋਕਾਂ ਦੇ ਵਿਸ਼ਵਾਸ ਦੀ ਦੁਨੀਆਂ ਦੀ ਕਿਸੇ ਕਰੰਸੀ ‘ਚ ਕੋਈ ਕੀਮਤ ਨਹੀਂ ਹੁੰਦੀ। 22 ਸਤੰਬਰ ਦਿਨ ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸ਼ੈਸ਼ਨ ਬੁਲਾ ਕੇ ਵਿਸ਼ਵਾਸ ਮਤਾ ਪੇਸ਼ ਕਰਕੇ ਕਾਨੂੰਨੀ ਤੌਰ ‘ਤੇ ਇਹ ਗੱਲ ਸਾਬਤ ਕਰ ਦਿੱਤੀ ਜਾਵੇਗੀ। ਭਾਜਪਾ ‘ਤੇ ਲੱਗੇ ਆਪਰੇਸ਼ਨ ਲੋਟਸ ਦੇ ਦੋਸ਼ਾਂ ਵਿਚਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਵੱਡਾ ਕਦਮ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਵੀਡੀਓ ਸੰਦੇਸ਼ ਰਾਹੀਂ ਕਿਹਾ ਕਿ 22 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਹੈ। ਇਹ ਇਜਲਾਸ ਭਾਜਪਾ ਦੇ ਆਪਰੇਸ਼ਨ ਲੋਟਸ ਦਾ ਖ਼ਿਲਾਫ਼ ਸੱਦਿਆ ਗਿਆ ਹੈ ਜਿਸ ‘ਚ ਪੰਜਾਬ ਸਰਕਾਰ ਭਰੋਸਗੀ ਮਤਾ ਲੈ ਕੇ ਆਵੇਗੀ ਅਤੇ ਦੱਸ ਦੇਵੇਗੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਮਾਨਦਾਰ ਸਰਕਾਰ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਭਾਜਪਾ ਵਲੋਂ ਆਪਰੇਸ਼ਨ ਲੋਟਸ ਦੇ ਤਹਿਤ ਪੰਜਾਬ ‘ਿਚ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ। ਵਿਧਾਇਕਾਂ ਨੂੰ ਪੈਸਿਆਂ ਅਤੇ ਅਹੁਦਿਆਂ ਦਾ ਲਾਲਚ ਦਿੱਤਾ ਗਿਆ। ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਦੌਰਾਨ ਵਿਰੋਧੀਆਂ ਕੋਲ ਬਹੁਤ ਪੈਸਾ ਸੀ ਜਿਸ ਰਾਹੀਂ ਲੋਕਾਂ ਨੂੰ ਵੱਡੇ ਲਾਲਚ ਦਿੱਤੇ ਗਏ ਪਰ ਲੋਕਾਂ ਨੇ ਪੈਸੇ ਨੂੰ ਲੱਤ ਮਾਰ ਕੇ ਆਮ ਆਦਮੀ ਪਾਰਟੀ ਨੂੰ ਚੁਣਿਆ ਹੈ। ਜਨਤਾ ਨੇ ਆਮ ਆਦਮੀ ਪਾਰਟੀ ‘ਤੇ ਵਿਸ਼ਵਾਸ ਕੀਤਾ ਹੈ, ‘ਆਪ’ ਸਰਕਾਰ ਉਸ ਵਿਸ਼ਵਾਸ ਨੂੰ ਕਾਇਮ ਰੱਖੇਗੀ। ਇਸ ਵਿਸ਼ਵਾਸ ਨੂੰ ਕਾਨੂੰਨੀ ਤੌਰ ‘ਤੇ ਦਿਖਾਉਣ ਲਈ ਪੰਜਾਬ ਸਰਕਾਰ ਨੇ 22 ਸਤੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਹੈ।