ਟੀ-20 ਕ੍ਰਿਕਟ ‘ਚ ਧਮਾਕੇਦਾਰ ਪਾਰੀਆਂ ਦੇਖਣ ਨੂੰ ਮਿਲ ਰਹੀਆਂ ਹਨ ਪਰ ਵਿੰਡੀਜ਼ ਕ੍ਰਿਕਟ ਟੀਮ ਦੇ ਆਲਰਾਊਂਡਰ ਰਹਿਕੀਮ ਕਾਰਨਵਾਲ ਦੀ ਇਕ ਪਾਰੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਅਤੇ ਇਕ ਨਵਾਂ ਰਿਕਾਰਡ ਬਣਾਇਆ। ਕਾਰਨਵਾਲ ਇਸ ਸਮੇਂ ਅਮਰੀਕਾ ‘ਚ ਚੱਲ ਰਹੇ ਅਟਲਾਂਟਾ ਓਪਨ ਟੀ-20 ਕ੍ਰਿਕਟ ਟੂਰਨਾਮੈਂਟ ‘ਚ ਖੇਡ ਰਿਹਾ ਹੈ। ਇਥੇ ਉਸ ਨੇ ਬੁੱਧਵਾਰ ਨੂੰ ਅਟਲਾਂਟਾ ਫਾਇਰ ਲਈ ਖੇਡਦੇ ਹੋਏ ਸਕੁਆਇਰ ਡਰਾਈਵ ਦੇ ਖ਼ਿਲਾਫ਼ ਤੂਫਾਨੀ ਦੋਹਰਾ ਸੈਂਕੜਾ ਲਗਾਇਆ। 6 ਫੁੱਟ 5 ਇੰਚ ਲੰਬੇ ਇਸ ਕੈਰੇਬੀਆਈ ਬੱਲੇਬਾਜ਼ ਨੇ 77 ਗੇਂਦਾਂ ‘ਚ 205 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 22 ਛੱਕੇ ਅਤੇ 17 ਚੌਕੇ ਲਗਾਏ ਭਾਵ ਉਸ ਨੇ 200 ਦੌੜਾਂ ਸਿਰਫ਼ ਬਾਊਂਡਰੀ ਰਾਹੀਂ ਹੀ ਬਣਾਈਆਂ। ਇਸ ਤਰ੍ਹਾਂ ਉਸ ਨੇ 266.23 ਦੀ ਸਟ੍ਰਾਈਕ ਰੇਟ ਨਾਲ ਅਜੇਤੂ 205 ਦੌੜਾਂ ਬਣਾਈਆਂ। ਕਾਰਨਵਾਲ ਨੇ ਪਾਰੀ ਦੀ ਆਖਰੀ ਗੇਂਦ ‘ਤੇ ਛੱਕਾ ਲਗਾ ਕੇ ਦੋਹਰਾ ਸੈਂਕੜਾ ਪੂਰਾ ਕੀਤਾ। ਇਸ ਤੋਂ ਪਹਿਲਾਂ ਉਸ ਨੇ 43 ਗੇਂਦਾਂ ‘ਤੇ ਸੈਂਕੜਾ ਪੂਰਾ ਕੀਤਾ ਸੀ। ਉਸ ਦੀ ਪਾਰੀ ਦੀ ਮਦਦ ਨਾਲ ਅਟਲਾਂਟਾ ਫਾਇਰ ਨੇ ਨਿਰਧਾਰਤ 20 ਓਵਰਾਂ ‘ਚ 1 ਵਿਕਟ ਗੁਆ ਕੇ 326 ਦੌੜਾਂ ਬਣਾਈਆਂ। ਕਾਰਨਵਾਲ ਤੋਂ ਇਲਾਵਾ ਸਟੀਵਨ ਟੇਲਰ ਨੇ 18 ਗੇਂਦਾਂ ‘ਚ 294.44 ਦੀ ਸਟ੍ਰਾਈਕ ਰੇਟ ਨਾਲ 53 ਦੌੜਾਂ ਬਣਾਈਆਂ, ਜਿਸ ‘ਚ 5 ਛੱਕੇ ਅਤੇ 5 ਚੌਕੇ ਸ਼ਾਮਲ ਸਨ। ਇਸ ਦੇ ਨਾਲ ਹੀ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਸਮੀ ਅਸਲਮ ਨੇ 29 ਗੇਂਦਾਂ ‘ਤੇ 53 ਦੌੜਾਂ ਬਣਾਈਆਂ, ਜਿਸ ‘ਚ 7 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਵੱਡੇ ਟੀਚੇ ਦਾ ਪਿੱਛਾ ਕਰਦਿਆਂ ਸਕੁਆਇਰ ਡਰਾਈਵ ਦੀ ਟੀਮ 20 ਓਵਰਾਂ ‘ਚ 8 ਵਿਕਟਾਂ ਗੁਆ ਕੇ ਸਿਰਫ਼ 154 ਦੌੜਾਂ ਹੀ ਬਣਾ ਸਕੀ ਅਤੇ ਅਟਲਾਂਟਾ ਫਾਇਰ 172 ਦੌੜਾਂ ਨਾਲ ਜਿੱਤ ਗਈ। ਜਸਟਿਨ ਡਿਲ ਨੇ 3.50 ਦੀ ਪ੍ਰਭਾਵਸ਼ਾਲੀ ਇਕੌਨਮੀ ਦਰ ਨਾਲ 4 ਓਵਰਾਂ ਦੇ ਆਪਣੇ ਕੋਟੇ ਵਿੱਚੋਂ ਸਿਰਫ਼ 14 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।