ਬਰਮਿੰਘਮ ਦੇ ਅਲੈਗਜ਼ੈਂਡਰ ਸਟੇਡੀਅਮ ’ਚ 22ਵੀਆਂ ਕਾਮਨਵੈਲਥ ਗੇਮਜ਼ ਦਾ ਰੰਗਾਂ-ਰੰਗ ਆਗਾਜ਼ ਹੋਇਆ। ਇਸ ਮੌਕੇ ਭਾਰਤੀ ਸ਼ਾਸਤਰੀ ਗਾਇਕਾ ਅਤੇ ਸੰਗੀਤਕਾਰ ਰੰਜਨਾ ਘਟਕ ਨੇ ਪ੍ਰੋਗਰਾਮ ਦੀ ਅਗਵਾਈ ਕੀਤੀ। ਇਸ ਦੌਰਾਨ ਲਾਲ, ਚਿੱਟੇ ਅਤੇ ਨੀਲੇ ਰੰਗਾਂ ਦੀਆਂ 70 ਕਾਰਾਂ ਨੇ ਮਿਲ ਕੇ ਬ੍ਰਿਟਿਸ਼ ਝੰਡਾ ‘ਯੂਨੀਅਨ ਜੈਕ’ ਬਣਾਇਆ। 2010 ਦੀਆਂ ਖੇਡਾਂ ਦੇ ਮੇਜ਼ਬਾਨ ਇੰਡੀਆ ਦਾ ਜਦੋਂ ਨੰਬਰ ਆਇਆ ਤਾਂ ਲੋਕਾਂ ਨੇ ਤਾਡ਼ੀਆਂ ਨਾਲ ਖਿਡਾਰੀਆਂ ਦਾ ਸਵਾਗਤ ਕੀਤਾ। ਇਨ੍ਹਾਂ ਖੇਡਾਂ ’ਚ 72 ਦੇਸ਼ਾਂ ਦੇ 5 ਹਜ਼ਾਰ ਤੋਂ ਜ਼ਿਆਦਾ ਐਥਲੀਟ ਵੀ ਵੱਖ-ਵੱਖ ਖੇਡ ਮੁਕਾਬਲਿਆਂ ’ਚ ਤਗ਼ਮਿਆਂ ਲਈ ਉਤਰਨਗੇ। ਬਰਮਿੰਘਮ ਪਹਿਲੀ ਵਾਰ ਇਸ ਦੀ ਮੇਜ਼ਬਾਨੀ ਕਰ ਰਿਹਾ ਹੈ। ਇੰਡੀਆ 18ਵੀਂ ਵਾਰ ਇਨ੍ਹਾਂ ਖੇਡਾਂ ’ਚ ਉਤਰਿਆ ਹੈ। ਅਫਰੀਕਨ ਡਰੰਮ ਰਾਹੀਂ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਇਸ ਦਾ ਭਾਵ ਰਾਸ਼ਟਰਮੰਡਲ ਦੇਸ਼ਾਂ ’ਚ ਸਦਭਾਵਨਾ ਪੈਦਾ ਕਰਨਾ ਹੈ। ਬਰਮਿੰਘਮ ’ਚ ਕਾਰ ਇੰਡਸਟਰੀ ਮਸ਼ਹੂਰ ਹੈ। ਇਥੇ ਬਣੀਆਂ ਨਵੀਆਂ ਅਤੇ ਪੁਰਾਣੀਆਂ 72 ਕਾਰਾਂ ਦੀ ਪ੍ਰਦਰਸ਼ਨੀ ਦਿਖਾਈ ਗਈ। ਪ੍ਰਿੰਸ ਚਾਰਲਸ ਏਸਟਨ ਮਾਰਟਿਨ ਕਾਰ ਰਾਹੀਂ ਪਹੁੰਚੇ ਹਨ। ਸਿੰਗਰ ਸਮਾਂਥਾ ਆਕਸਰਬੋ ਨੇ ਇੰਗਲੈਂਡ ਦੇ ਰਾਸ਼ਟਰੀ ਗੀਤ ਦੀ ਪੇਸ਼ਕਾਰੀ ਦਿੱਤੀ। ਇਸ ਦੌਰਾਨ ਮਸ਼ਹੂਰ ਕਾਮੇਡੀਅਨ ਚਾਰਲੀ ਚੈਪਲਿਨ ਦੇ ਕਿਰਦਾਰ ਨੂੰ ਵੀ ਦਿਖਾਇਆ ਗਿਆ। ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਅਤੇ ਓਲੰਪਿਕ ਤਗ਼ਮਾ ਜੇਤੂ ਪੀ.ਵੀ. ਸਿੰਧੂ ਅਤੇ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਝੰਡਾਬਰਦਾਰ ਬਣੇ। ਇੰਡੀਆ ਨੇ ਰਾਸ਼ਟਰ ਮੰਡਲ ਖੇਡਾਂ ਲਈ 215 ਐਥਲੀਟਾਂ ਅਤੇ 107 ਅਧਿਕਾਰੀਆਂ ਅਤੇ ਸਹਿਯੋਗੀ ਕਰਮਚਾਰੀਆਂ ਸਮੇਤ 322 ਮੈਂਬਰੀ ਦਸਤੇ ਨੂੰ ਬਰਮਿੰਘਮ ਭੇਜਿਆ ਹੈ। ਕਰੀਬ 1500 ਕਲਕਾਰਾਂ ਨੇ ਸੰਸਕ੍ਰਿਤਕ ਪ੍ਰੋਗਰਾਮ ’ਚ ਹਿੱਸਾ ਲਿਆ। ਪਿਛਲੀ ਵਾਰ ਮੇਜ਼ਬਾਨ ਰਹੇ ਆਸਟਰੇਲੀਆ ਦੇ ਐਥਲੀਟ ਨੂੰ ਸਭ ਤੋਂ ਪਹਿਲਾਂ ਪਰੇਡ ’ਚ ਬੁਲਾਇਆ ਗਿਆ।