ਅਮਰੀਕਾ ਦੇ ਉੱਘੇ ਸਿੱਖ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ, ਜਿਨ੍ਹਾਂ ਨੂੰ 2021 ‘ਚ ਦਿੱਲੀ ਏਅਰਪੋਰਟ ਤੋਂ ਮੋੜ ਦਿੱਤਾ ਗਿਆ ਸੀ, ਨੂੰ ਹੁਣ ਇੰਡੀਆ ਸਰਕਾਰ ਐੱਨ.ਆਰ.ਆਈ. ਸੰਮੇਲਨ ‘ਚ ਵਿਸ਼ੇਸ਼ ਸਨਮਾਨ ਦੇਵੇਗੀ। ਇਹ ਸਨਮਾਨ ਰਾਸ਼ਟਰਪਤੀ ਵੱਲੋਂ ਦਿੱਤਾ ਜਾਵੇਗਾ। ਇੰਦੌਰ ‘ਚ 8 ਤੋਂ 10 ਜਨਵਰੀ ਤੱਕ ਹੋਣ ਵਾਲੇ ਪ੍ਰਵਾਸੀ ਭਾਰਤੀ ਸੰਮੇਲਨ ‘ਚ ਕੇਂਦਰ ਸਰਕਾਰ ਪ੍ਰਵਾਸੀ ਭਾਰਤੀ ਧਾਲੀਵਾਲ ਨੂੰ ਇਹ ਸਨਮਾਨ ਦੇਣ ਜਾ ਰਹੀ ਹੈ। ਕੇਂਦਰ ਸਰਕਾਰ ਨੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ‘ਚ ਵਸਦੇ 27 ਪ੍ਰਵਾਸੀ ਭਾਰਤੀਆਂ ਨੂੰ ਇਹ ਸਨਮਾਨ ਦੇਣ ਲਈ ਚੁਣਿਆ ਹੈ ਜਿਨ੍ਹਾਂ ਨੇ ਵਿਦੇਸ਼ਾਂ ‘ਚ ਰਹਿੰਦਿਆਂ ਵੱਖ-ਵੱਖ ਵਰਗਾਂ ‘ਚ ਲੋਕ ਭਲਾਈ ਲਈ ਕੰਮ ਕਰ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਦਰਸ਼ਨ ਸਿੰਘ ਧਾਲੀਵਾਲ ਨੂੰ ਇਹ ਸਨਮਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇਣਗੇ। ਦਰਸ਼ਨ ਸਿੰਘ ਧਾਲੀਵਾਲ ਉਹ ਵਿਅਕਤੀ ਹਨ ਜਿਨ੍ਹਾਂ ਨੂੰ ਅਕਤੂਬਰ 2021 ਦੀ ਰਾਤ ਨੂੰ ਦਿੱਲੀ ਏਅਰਪੋਰਟ ਤੋਂ 3 ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਤੋਂ ਵਾਪਸ ਭੇਜ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਭਾਰਤ ‘ਚ ਦਾਖ਼ਲ ਤੱਕ ਨਹੀਂ ਹੋਣ ਦਿੱਤਾ ਗਿਆ ਸੀ। ਇਸ ਤੋਂ ਬਾਅਦ ਦਰਸ਼ਨ ਸਿੰਘ ਨੇ ਕਿਹਾ ਸੀ ਕਿ ਉਹ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹਨ, ਇਸ ਲਈ ਉਨ੍ਹਾਂ ਨੂੰ ਇੰਡੀਆ ‘ਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਹੈ। ਦਰਸ਼ਨ ਧਾਲੀਵਾਲ ਨੇ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ‘ਚ ਸਿੰਘੂ ਸਰਹੱਦ ‘ਤੇ ਕਿਸਾਨਾਂ ਲਈ ਲੰਗਰ ਚਲਵਾਇਆ। ਉਹ ਹਰ ਤੀਜੇ ਮਹੀਨੇ ਇੰਡੀਆ ਆ ਕੇ ਸਿੱਧਾ ਸਿੰਘੂ ਸਰਹੱਦ ‘ਤੇ ਪਹੁੰਚਦੇ ਸਨ। ਇਸ ਤੋਂ ਬਾਅਦ ਜਦੋਂ ਉਹ ਅਕਤੂਬਰ 2021 ‘ਚ ਇੰਡੀਆ ਆਏ ਅਤੇ ਦਿੱਲੀ ਏਅਰਪੋਰਟ ‘ਤੇ ਉਨ੍ਹਾਂ ਦੀ ਫਲਾਈਟ ਲੈਂਡ ਹੋਈ ਤਾਂ ਉਨ੍ਹਾਂ ਨੂੰ ਪ੍ਰਵੇਸ਼ ਨਹੀਂ ਲੈਣ ਦਿੱਤਾ ਗਿਆ। ਉਨ੍ਹਾਂ ਨੂੰ ਸਾਰੇ ਦਸਤਾਵੇਜ਼ ਹੋਣ ਦੇ ਬਾਵਜੂਦ ਵੀ 5 ਘੰਟੇ ਇੰਤਜ਼ਾਰ ਕਰਵਾਇਆ ਗਿਆ ਅਤੇ ਦੇਰ ਰਾਤ ਉਨ੍ਹਾਂ ਨੂੰ 1.30 ਵਜੇ ਦੀ ਫਲਾਈਟ ਤੋਂ ਸ਼ਿਕਾਗੋ ਵਾਪਸ ਭੇਜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਦਸੰਬਰ 2021 ‘ਚ ਵੀ ਜਦੋਂ ਉਨ੍ਹਾਂ ਦੇ ਭਰਾ ਚਰਨਜੀਤ ਸਿੰਘ ਦੀ ਧੀ ਦਾ ਵਿਆਹ ਸੀ, ਉਦੋਂ ਵੀ ਉਨ੍ਹਾਂ ਨੂੰ ਇੰਡੀਆ ਆਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਹੁਣ ਉਹੀ ਦਰਸ਼ਨ ਸਿੰਘ ਧਾਲੀਵਾਲ ਨੂੰ ਕੇਂਦਰ ਸਰਕਾਰ ਪ੍ਰਵਾਸੀ ਭਾਰਤੀ ਸਨਮਾਨ ਦੇਣ ਜਾ ਰਹੀ ਹੈ। ਪ੍ਰਵਾਸੀ ਭਾਰਤੀ ਸਨਮਾਨ ਪ੍ਰਵਾਸੀ ਭਾਰਤੀਆਂ ਨੂੰ ਦਿੱਤਾ ਜਾਣ ਵਾਲਾ ਸਰਵਉੱਚ ਸਨਮਾਨ ਹੁੰਦਾ ਹੈ।