ਅਮਰੀਕਨ ਸੈਨੇਟਰ ਪੈਟ ਟੂਮੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਆਧੁਨਿਕ ਭਾਰਤੀ ਇਤਿਹਾਸ ਦੇ ‘ਸਭ ਤੋਂ ਕਾਲੇ’ ਸਾਲਾਂ ਵਿੱਚੋਂ ਇਕ ਦੱਸਦਿਆਂ ਸਿੱਖਾਂ ‘ਤੇ ਹੋਏ ਅੱਤਿਆਚਾਰਾਂ ਨੂੰ ਯਾਦ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ ਹੈ ਤਾਂ ਜੋ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾ ਸਕੇ। ਇੰਡੀਆ ‘ਚ 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ‘ਚ ਹਿੰਸਾ ਭੜਕ ਗਈ ਸੀ। ਇਸ ਹਿੰਸਾ ‘ਚ ਪੂਰੇ ਭਾਰਤ ‘ਚ 3,000 ਤੋਂ ਵੱਧ ਸਿੱਖ ਮਾਰੇ ਗਏ ਸਨ। ਸੈਨੇਟਰ ਪੈਟ ਟੂਮੀ ਨੇ ਸੈਨੇਟ ‘ਚ ਆਪਣੇ ਭਾਸ਼ਨ ਵਿੱਚ ਕਿਹਾ, ‘ਸਾਲ 1984 ਆਧੁਨਿਕ ਭਾਰਤੀ ਇਤਿਹਾਸ ‘ਚ ਸਭ ਤੋਂ ਕਾਲੇ ਸਾਲਾਂ ਵਿਚੋਂ ਇਕ ਹੈ। ਦੁਨੀਆ ਨੇ ਇੰਡੀਆ ‘ਚ ਨਸਲੀ ਸਮੂਹਾਂ ਵਿਚਕਾਰ ਬਹੁਤ ਸਾਰੀਆਂ ਹਿੰਸਕ ਘਟਨਾਵਾਂ ਦੇਖੀਆਂ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ‘ਚ ਖਾਸ ਤੌਰ ‘ਤੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅੱਜ ਅਸੀਂ ਇਥੇ ਉਸ ਦੁਖਾਂਤ ਨੂੰ ਯਾਦ ਕਰ ਰਹੇ ਹਾਂ ਜੋ 1 ਨਵੰਬਰ 1984 ਨੂੰ ਇੰਡੀਆ ਦੇ ਪੰਜਾਬ ਸੂਬੇ ‘ਚ ਸਿੱਖਾਂ ਅਤੇ ਕੇਂਦਰ ਸਰਕਾਰ ਦਰਮਿਆਨ ਕਈ ਦਹਾਕਿਆਂ ਦੇ ਜਾਤੀ ਤਣਾਅ ਤੋਂ ਬਾਅਦ ਵਾਪਰੀ ਸੀ।’