ਸੁਪਰ ਗ੍ਰੈਂਡ ਮਾਸਟਰ ਕਲਾਸੀਕਲ ਸ਼ਤਰੰਜ ਟੂਰਨਾਮੈਂਟ ਦਾ ਖ਼ਿਤਾਬ 19 ਸਾਲਾ ਫਰਾਂਸੀਸੀ ਗ੍ਰੈਂਡਮਾਸਟਰ ਅਲੀਰੇਜ਼ਾ ਫਿਰੋਜ਼ਾ ਨੇ ਜਿੱਤ ਲਿਆ ਹੈ। ਉਨ੍ਹਾਂ ਨੇ ਰੂਸ ਦੇ ਯਾਨ ਨੇਪੋਮਿਨਸੀ ਨੂੰ ਟਾਈਬ੍ਰੇਕਰ ‘ਚ ਹਰਾ ਕੇ ਪਹਿਲੀ ਵਾਰ ਇਹ ਵੱਕਾਰੀ ਖ਼ਿਤਾਬ ਆਪਣੇ ਨਾਂ ਕੀਤਾ। ਆਖਰੀ ਨੌਵੇਂ ਰਾਊਂਡ ‘ਚ ਸਾਰੇ ਮੁਕਾਬਲੇ ਬਰਾਬਰੀ ‘ਤੇ ਖ਼ਤਮ ਹੋਏ। ਅਲੀਰੇਜ਼ਾ ਨੇ ਹਮਵਤਨ ਮਕਸੀਮ ਲਾਗਰੇਵ ਨਾਲ ਤਾਂ ਨੇਪੋਮਿੰਸੀ ਨੇ ਯੂ.ਐੱਸ. ਦੇ ਨੀਮਨ ਹੰਸ ਨਾਲ ਬਾਜ਼ੀ ਡਰਾਅ ਖੇਡੀ ਤੇ 5 ਅੰਕਾਂ ਨਾਲ ਸੰਯੁਕਤ ਤੌਰ ‘ਤੇ ਪਹਿਲੇ ਸਥਾਨ ‘ਤੇ ਰਹੇ। ਅਜਿਹੇ ‘ਚ ਜੇਤੂ ਦਾ ਫ਼ੈਸਲਾ ਕਰਨ ਲਈ ਦੋਵਾਂ ਦਰਮਿਆਨ ਦੋ ਬਲਿਟਜ਼ ਟਾਈਬ੍ਰੇਕ ਦੇ ਮੁਕਾਬਲੇ ਖੇਡੇ ਗਏ ਜਿਸ ‘ਚ 1.5-0.5 ਦੇ ਫਰਕ ਨਾਲ ਅਲੀਰੇਜ਼ਾ ਨੇ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਅਲੀਰੇਜ਼ਾ ਨੇ ਗ੍ਰਾਂਡ ਚੈਸ ਟੂਰ ਸਾਲ 2022 ਦਾ ਓਵਰਆਲ ਖ਼ਿਤਾਬ ਵੀ ਆਪਣੇ ਨਾਂ ਕਰ ਲਿਆ। ਨੇਪੋਮਿੰਸੀ ਸਿੰਕੀਫੀਲਡ ਕੱਪ ‘ਚ ਉਪਜੇਤੂ ਰਹੇ ਤਾਂ 4.5 ਅੰਕ ਬਣਾ ਕੇ ਬਿਹਤਰ ਟਾਈਬ੍ਰੇਕ ਦੇ ਆਧਾਰ ‘ਤੇ ਯੂ.ਐੱਸ. ਦੇ ਵੇਸਲੀ ਸੋਅ ਤੀਜੇ ਸਥਾਨ ‘ਤੇ ਰਹੇ। ਫਾਬੀਆਨੋ ਕਾਰੂਆਨਾ ਚੌਥੇ ਸਥਾਨ ‘ਤੇ ਰਹੇ। 4 ਅੰਕ ਬਣਾ ਕੇ ਯੂ.ਐੱਸ. ਦੇ ਦੋਮਿੰਗੇਜ਼ ਪੇਰੇਜ਼ ਪੰਜਵੇਂ, 3.5 ਅੰਕਾਂ ‘ਤੇ ਯੂ.ਐੱਸ.ਏ. ਦੇ ਨੀਮਨ ਹੰਸ ਛੇਵੇਂ ਤੇ ਲੇਵੋਨ ਅਰੋਨੀਅਨ ਸਤਵੇਂ, 3 ਅੰਕ ਬਣਾ ਕੇ ਅਜ਼ਰਬੈਜਾਨ ਦੇ ਮਮੇਦਯਾਰੋਵ ਅੱਠਵੇਂ ਸਥਾਨ ‘ਤੇ ਅਤੇ ਮਕਸੀਮ ਲਾਗਰੇਵ ਆਖ਼ਰੀ ਨੌਵੇਂ ਸਥਾਨ ‘ਤੇ ਰਹੇ।