ਆਪਣੇ ਭਰਾ ਨੂੰ ਸਕੂਲ ਤੋਂ ਲੈਣ ਆਏ ਇਕ ਪੰਜਾਬੀ ਮੂਲ ਦੇ 18 ਸਾਲਾ ਨੌਜਵਾਨ ਦੀ ਸਰੀ ਵਿਚਲੇ ਹਾਈ ਸਕੂਲ ਦੀ ਪਾਰਕਿੰਗ ‘ਚ ਝਗੜੇ ਦੌਰਾਨ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਨਿਊਟਨ ਖੇਤਰ ਦੇ 12600 66 ਐਵੇਨਿਊ ਸਥਿਤ ਟੈਮਨਾਵਿਸ ਸੈਕੰਡਰੀ ਸਕੂਲ ਦੇ ਬਾਹਰ ਹਮਲੇ ਤੋਂ ਬਾਅਦ ਮਹਿਕਪ੍ਰੀਤ ਸੇਠੀ ਦੀ ਹਸਪਤਾਲ ‘ਚ ਮੌਤ ਹੋ ਗਈ ਹੈ। ਮਹਿਕਪ੍ਰੀਤ ਸੇਠੀ ਅਤੇ 17 ਸਾਲਾ ਲੜਕੇ ਵਿਚਕਾਰ ਲੜਾਈ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਇਕ-ਦੂਜੇ ਨੂੰ ਜਾਣਦੇ ਸਨ ਤੇ ਕਥਿਤ ਹਮਲਾਵਰ ਵੀ ਭਾਰਤੀ ਭਾਈਚਾਰੇ ਵਿੱਚੋਂ ਹੈ। ਗਵਾਹਾਂ ਦੁਆਰਾ ਸ਼ਨਾਖਤ ਕਰਨ ਤੋਂ ਬਾਅਦ ਮਸ਼ਕੂਕ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਦੇ ਬਿਆਨ ਅਨੁਸਾਰ ਸੇਠੀ ਸਕੂਲ ਦਾ ਵਿਦਿਆਰਥੀ ਨਹੀਂ ਸੀ। ਪੁਲੀਸ ਉਨ੍ਹਾਂ ਵਿਦਿਆਰਥੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਨ੍ਹਾਂ ਨੇ ਚਾਕੂ ਮਾਰਦੇ ਦੇਖਿਆ ਹੈ ਜਾਂ ਜਿਨ੍ਹਾਂ ਕੋਲ ਘਟਨਾ ਦੀ ਕੋਈ ਵੀਡੀਓ ਹੈ। ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਪੁਲੀਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਮ੍ਰਿਤਕ ਦੀ ਪਛਾਣ ਦੀ ਪੁਸ਼ਟੀ ਕੀਤੀ। ਸਰੀ ਆਰ.ਸੀ.ਐੱਮ.ਪੀ. ਨੇ ਕਿਹਾ ਕਿ ਉਨ੍ਹਾਂ ਨੇ ਦੁਪਹਿਰ 12:08 ਵਜੇ ਸਕੂਲ ਦੇ ਬਾਹਰ ਚਾਕੂ ਮਾਰਨ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਚਾਕੂ ਦੇ ਜ਼ਖ਼ਮਾਂ ਤੋਂ ਪੀੜਤ ਇਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਬਚ ਨਹੀਂ ਸਕਿਆ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੇ ਇਕ 17 ਸਾਲਾ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸਨੂੰ ਸਰੀ ਆਰ.ਸੀ.ਐੱਮ.ਪੀ. ਸੈੱਲ ‘ਚ ਲਿਜਾਇਆ ਗਿਆ ਹੈ।’ ਤਾਮਨਾਵਿਸ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਇਆਨ ਮੈਕਗੇਨਿਸ ਨੇ ਜਾਰੀ ਇਕ ਬਿਆਨ ‘ਚ ਕਿਹਾ ਕਿ ਚਾਕੂ ਮਾਰਨ ਵਾਲਾ ਪੀੜਤ ਸਾਡੇ ਸਕੂਲ ਨਾਲ ਸਬੰਧਤ ਨਹੀਂ ਸੀ। ਮੈਕਗੇਨਿਸ ਨੇ ਅੱਗੇ ਕਿਹਾ ਸਕੂਲ ਨੂੰ ਹੋਲਡ ਅਤੇ ਸੁਰੱਖਿਅਤ ‘ਤੇ ਰੱਖਿਆ ਗਿਆ ਸੀ ਜਿਸ ‘ਚ ਸਕੂਲ ਦੇ ਅੰਦਰ ਬਚਿਆ ਹਰ ਕੋਈ ਸ਼ਾਮਲ ਹੁੰਦਾ ਹੈ ਕਿਉਂਕਿ ਬਾਹਰਲੇ ਦਰਵਾਜ਼ੇ ਸੁਰੱਖਿਅਤ ਹੁੰਦੇ ਹਨ।