ਇੰਡੀਆ ਦੇ 18 ਸਾਲਾ ਗ੍ਰੈਂਡ ਮਾਸਟਰਸ ਅਰਜੁਨ ਏਰੀਗਾਸੀ ਨੇ ਆਪਣੇ ਖੇਡ ਜੀਵਨ ‘ਚ ਹੁਣ ਤਕ ਦਾ ਸਭ ਤੋਂ ਮਜ਼ਬੂਤ ਆਬੂਧਾਬੀ ਮਾਸਟਰਸ ਸ਼ਤਰੰਜ ਦਾ ਖ਼ਿਤਾਬ ਜਿੱਤ ਕੇ ਇਕ ਵਾਰ ਫਿਰ ਸਾਰਿਆਂ ਨੂੰ ਪ੍ਰਭਾਵਿਤ ਕੀਤਾ। 31 ਦੇਸ਼ਾਂ ਦੇ 142 ਖਿਡਾਰੀਆਂ ਵਿਚਕਾਰ 9 ਰਾਊਂਡ ਦੇ ਇਸ ਟੂਰਨਾਮੈਂਟ ‘ਚ ਅਰਜੁਨ ਨੇ 6 ਜਿੱਤੇ ਅਤੇ 3 ਡਰਾਅ ਦੇ ਨਾਲ ਅਜੇਤੂ ਕਰਦੇ ਹੋਏ 7.5 ਅੰਕ ਬਣਾ ਕੇ ਪਹਿਲੇ ਸਥਾਨ ‘ਤੇ ਕਬਜ਼ਾ ਕੀਤਾ। ਅਰਜੁਨ ਨੇ ਅੰਤਿਮ ਰਾਊਂਡ ‘ਚ ਸਫੈਦ ਮੋਹਰਾਂ ਨਾਲ ਖੇਡਦੇ ਹੋਏ ਸਪੇਨ ਦੇ ਡੇਵਿਡ ਓਂਟੋਨ ਖ਼ਿਲਾਫ਼ ਇਕ ਰੋਮਾਂਚਕ ਮੁਕਾਬਲਾ 72 ਚਾਲਾਂ ‘ਚ ਆਪਣੇ ਨਾਂ ਕੀਤਾ। ਅਰਜੁਨ ਇਸ ਜਿੱਤ ਤੋਂ ਬਾਅਦ ਵਿਸ਼ਵ ਰੈਂਕਿੰਗ ‘ਚ 25ਵੇਂ ਸਥਾਨ ‘ਤੇ ਪਹੁੰਚ ਗਏ ਅਤੇ ਹੁਣ ਵਿਸ਼ਵਨਾਥਨ ਆਨੰਦ (2756), ਡੀ. ਗੁਕੇਸ਼ (2728) ਤੋਂ ਬਾਅਦ 2724 ਅੰਕ ਲੈ ਕੇ ਤੀਜੇ ਨੰਬਰ ਦਾ ਭਾਰਤੀ ਖਿਡਾਰੀ ਬਣ ਗਿਆ। ਉਜਬੇਕਿਸਤਾਨ ਦੇ ਜਾਵੋਖਿਰ ਸਿੰਦਾਰੋਵ ਨੇ ਅੰਤਿਮ ਰਾਊਂਡ ‘ਚ ਈਰਾਨ ਦੇ ਅਮੀਨ ਤਾਬਤਬਾਈ ਨੂੰ ਹਰਾਉਂਦੇ ਹੋਏ 7 ਅੰਕ ਬਣਾ ਕੇ ਦੂਜਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ 9 ਖਿਡਾਰੀ 6.5 ਅੰਕਾਂ ‘ਤੇ ਰਹੇ ਪਰ ਬਿਹਤਰ ਟਾਈਬ੍ਰੇਕ ਦੇ ਆਧਾਰ ‘ਤੇ ਨੀਦਰਲੈਂਡ ਦੇ ਜਾਰਡਨ ਵਾਨ ਫਾਰੇਸਟ, ਅਮਰੀਕਾ ਦੇ ਰੋਬਸੋਨ ਰੇ, ਉਜਬੇਕਿਸਤਾਨ ਦੇ ਯਾਕੂਵਬੋਏਵ ਨੋਦਿਰਬੇਕ, ਭਾਰਤ ਦੇ ਨਿਹਾਲ ਸਰੀਨ, ਐੱਸ.ਪੀ. ਸੇਥੁਰਮਨ ਆਦਿਤਿਅ ਸਾਮੰਤ, ਮੁਰਲੀ ਕਾਰਤੀਕੇਅਨ ਅਤੇ ਆਰਿਅਨ ਚੋਪੜਾ ਕ੍ਰਮਵਾਰ ਤੀਜੇ ਤੋਂ 10ਵੇਂ ਸਥਾਨ ‘ਤੇ ਰਹੇ। ਇੰਡੀਆ ਨੇ ਪ੍ਰਤੀਯੋਗਿਤਾ ਦੇ 10 ‘ਚੋਂ 6 ਸਥਾਨਾਂ ‘ਤੇ ਕਬਜ਼ਾ ਜਮ੍ਹਾ ਕੇ ਇਕ ਵਾਰ ਫਿਰ ਆਪਣੀ ਸਮਰਥਾ ਨਾਲ ਦੁਨੀਆ ਨੂੰ ਜਾਣੂ ਕਰਵਾਇਆ।