ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸੰਬਧਤ ਅੰਮ੍ਰਿਤਧਾਰੀ ਸਿੱਖ ਜਪਗੋਬਿੰਦ ਸਿੰਘ ਨੇ 16 ਸਾਲਾਂ ਦੀ ਉਮਰ ‘ਚ ਸੋਲੋ ਪਾਇਲਟ ਬਣਕੇ ਕੈਨੇਡਾ ‘ਚ ਇਤਿਹਾਸ ਰਚਿਆ ਹੈ। ਓਂਟਾਰੀਓ ‘ਚ ਭਾਵੇਂ ਜਪਗੋਬਿੰਦ ਦੀ ਉਮਰ ਹਜੇ ਕਾਰ ਡਰਾਈਵਿੰਗ ਦਾ ਲਾਈਸੈਂਸ ਲੈਣ ਦੇ ਯੋਗ ਨਹੀਂ ਪਰ ਟਰਾਂਸਪੋਰਟ ਕੈਨੇਡਾ ਨੇ ਉਸਨੂੰ ਜਹਾਜ਼ ਉਡਾਉਣ ਦਾ ਲਾਈਸੈਂਸ ਜਾਰੀ ਕਰ ਦਿੱਤਾ ਹੈ। ਜਪਗੋਬਿੰਦ ਸਿੰਘ ਨੇ ਕਈ ਸਾਲਾਂ ਦੀ ਕਰੜੀ ਮਿਹਨਤ ਤੋਂ ਬਾਅਦ ਇਹ ਕਾਮਯਾਬੀ ਹਾਸਲ ਕੀਤੀ ਹੈ। ਜਪਗੋਬਿੰਦ ਨੇ ਪਾਇਲਟ ਬਨਣ ਦੀ ਤਿਆਰੀ ਬੀ.ਸੀ. ਤੋਂ ਸ਼ੁਰੂ ਕੀਤੀ। ਐਲਬਰਟਾ ਅਤੇ ਓਂਟਾਰੀਓ ‘ਚ ਸਿਖਲਾਈ ਉਪਰੰਤ ਆਖਰੀ ਟਰੇਨਿੰਗ ਕਿਊਬਿਕ ‘ਚ ਪੂਰੀ ਕੀਤੀ ਹੈ। ਜਪਗੋਬਿੰਦ ਸ਼ੁਰੂ ਤੋਂ ਹੀ ਆਨਰ ਰੋਲ ਵਿਦਿਆਰਥੀ ਰਿਹਾ ਹੈ। ਮੈਥੇਮੈਟਿਕਸ, ਸੰਗੀਤ, ਇਤਿਹਾਸ ਅਤੇ ਸਾਇੰਸ ਮੁਕਾਬਲਿਆਂ ਦੇ ਨਾਲ-ਨਾਲ ਜਪਗੋਬਿੰਦ ਨੇ ਰੋਬੋਟਿਕਸ ਮੁਕਾਬਲਿਆਂ ‘ਚ ਵੀ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਹਾਲ ਹੀ ‘ਚ ਇੰਟਰਨੈਸ਼ਨਲ ਅਵਾਰਡ ਡਿਊਕ ਆੱਫ ਐਡਿਨਬਰਗ ਕਾਂਸੀ ਅਤੇ ਚਾਂਦੀ ਦਾ ਤਮ਼ਮਾ ਪ੍ਰਾਪਤ ਕੀਤਾ ਹੈ। ਖਾਲਸਾ ਸਕੂਲ ਸਰੀ ਅਤੇ ਗੁਰੂ ਅੰਗਦ ਦੇਵ ਐਲੀਮੈਂਟਰੀ ਸਕੂਲ ਸਰੀ ਬੀ.ਸੀ. ਤੋਂ ਆਪਣੀ ਮੁੱਢਲੀ ਸਿੱਖਿਆ ਲੈਣ ਉਪਰੰਤ ਜਪਗੋਬਿੰਦ ਸਿੰਘ ਨੇ ਸੇਂਟ ਮਾਈਕਲ ਹਾਈ ਸਕੂਲ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਹੁਣ ਜਪਗੋਬਿੰਦ ਨੂੰ ਔਟਵਾ ਦੀਆਂ ਯੂਨੀਵਰਸਿਟੀਆਂ ਨੇ ਐਰੋ ਸਪੇਸ ਇੰਜੀਨੀਅਰਿੰਗ ‘ਚ ਸਕਾਲਰਸ਼ਿਪ ਦੀ ਪੇਸ਼ਕਸ਼ ਕੀਤੀ ਹੈ। 16 ਸਾਲ ਦੀ ਉਮਰ ‘ਚ ਯੂਨੀਵਿਰਸਿਟੀ ‘ਚ ਪੜ੍ਹਾਈ ਵੀ ਆਪਣੇ ਆਪ ‘ਚ ਇਕ ਵੱਡੀ ਪ੍ਰਾਪਤੀ ਹੈ। ਗਤਕਾ, ਕੀਰਤਨ ਅਤੇ ਤਬਲੇ ਦੇ ਨਾਲ-ਨਾਲ ਜਪਗੋਬਿੰਦ ਦੀ ਖੇਡਾਂ ‘ਚ ਵਿਸੇਸ਼ ਰੁਚੀ ਹੈ।