ਜਬਰ ਜਨਾਹ ਅਤੇ ਕਤਲ ਦੇ ਦੋਸ਼ ‘ਚ ਜੇਲ੍ਹ ‘ਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫਿਰ 40 ਦਿਨ ਦੀ ਪੈਰੋਲ ਮਿਲ ਗਈ ਹੈ। ਉਸ ਨੂੰ 14 ਮਹੀਨੇ ‘ਚ ਚੌਥੀ ਵਾਰ ਇਹ ਪੈਰੋਲ ਮਿਲੀ ਹੈ ਜਿਸ ‘ਤੇ ਉਹ 54 ਦਿਨ ਬਾਅਦ ਮੁੜ ਸੁਨਾਰੀਆ ਜੇਲ੍ਹ ‘ਚੋਂ ਬਾਹਰ ਆਇਆ ਹੈ। ਡੇਰਾ ਮੁਖੀ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਸਜ਼ਾ ਕੱਟ ਰਿਹਾ ਹੈ। ਰਾਮ ਰਹੀਮ ਨੂੰ ਪੈਰੋਲ ਮਿਲਣ ‘ਤੇ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਰਾਮ ਰਹੀਮ ਨੂੰ ਇਕ ਵਾਰ ਫਿਰ ਪੈਰੋਲ ਦਿੱਤੇ ਜਾਣ ‘ਤੇ ਹਰਿਆਣਾ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ, ‘ਬਲਾਤਕਾਰੀ ਕਾਤਲ ਰਾਮ ਰਹੀਮ ਨੂੰ ਇਕ ਵਾਰ ਫਿਰ 40 ਦਿਨ ਦੀ ਪੈਰੋਲ ਦੇ ਦਿੱਤੀ ਗਈ ਹੈ। ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਹੋ ਚੁੱਕੀਆਂ ਹਨ। ਦੇਸ਼ ਵਾਸੀ ਆਪਣੀਆਂ ਧੀਆਂ ਨੂੰ ਬਚਾਉਣ, ਬਲਾਤਕਾਰੀ ਆਜ਼ਾਦ ਘੁੰਮਣਗੇ!’ ਦੱਸਦੇਈਏ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਬਲਾਤਕਾਰ ਅਤੇ ਕਤਲ ਦੇ ਮਾਮਲੇ ‘ਚ ਦੋਸ਼ੀ ਸਾਬਤ ਹੋਣ ਮਗਰੋਂ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਹੈ। ਦੋ ਮਹਿਲਾ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ‘ਚ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਹਸੀ। ਉਹ 2017 ਤੋਂ ਹੀ ਜੇਲ੍ਹ ‘ਚ ਬੰਦ ਹੈ। ਇਸ ਤੋਂ ਬਾਅਦ ਉਸ ਨੂੰ ਕਈ ਵਾਰ ਪੈਰੋਲ ਦਿੱਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 2022 ‘ਚ ਉਸ ਨੂੰ 3 ਵਾਰ ਪੈਰੋਲ ਮਿਲੀ ਸੀ। ਡੇਰਾ ਮੁਖੀ ਦੀ ਆਖ਼ਰੀ 40 ਦਿਨ ਦੀ ਪੈਰੋਲ ਪਿਛਲੇ ਸਾਲ 25 ਨਵੰਬਰ ਨੂੰ ਖ਼ਤਮ ਹੋਈ ਸੀ। ਉਹ 14 ਅਕਤੂਬਰ ਨੂੰ ਰਿਹਾਅ ਹੋਣ ਮਗਰੋਂ ਉੱਤਰ ਪ੍ਰਦੇਸ਼ ‘ਚ ਆਪਣੇ ਆਸ਼ਰਮ ਗਿਆ ਸੀ। ਏਧਰ ਸਿੱਖ ਜਥੇਬੰਦੀਆਂ ਨੇ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਦੇਣ ਦਾ ਵਿਰੋਧ ਕੀਤਾ ਹੈ। ਇਸ ਮੁੱਦੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ‘ਚ ਰੋਸ ਪ੍ਰਦਰਸ਼ਨ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ।