ਪਹਿਲੇ ਇਕ ਰੋਜ਼ਾ ਕ੍ਰਿਕਟ ਮੈਚ ’ਚ ਹਾਰਨ ਤੋਂ ਬਾਅਦ ਇੰਗਲੈਂਡ ਨੇ ਇੰਡੀਆ ਨੂੰ 100 ਦੌਡ਼ਾਂ ਦੇ ਵੱਡੇ ਫਰਕ ਨਾਲ ਹਰਾ ਕੇ ਪਹਿਲੀ ਹਾਰ ਦਾ ਬਦਲਾ ਲੈ ਲਿਆ। ਤੇਜ਼ ਗੇਂਦਬਾਜ਼ ਰੀਸ ਟਾਪਲੇ ਦੇ ਕਰੀਅਰ ਦੀ ਸਰਵੋਤਮ ਗੇਂਦਬਾਜ਼ੀ ਨਾਲ ਇੰਗਲੈਂਡ ਨੇ ਇਹ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਤਿੰਨ ਮੈਚਾਂ ਦੀ ਲਡ਼ੀ 1-1 ਨਾਲ ਬਰਾਬਰ ਕਰ ਲਈ ਹੈ। ਇੰਗਲੈਂਡ ਦੇ 247 ਦੌਡ਼ਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਇੰਡੀਆ ਟਾਪਲੇ (24 ਦੌਡ਼ਾਂ ’ਤੇ 6 ਵਿਕਟਾਂ) ਦੀ ਤੂਫਾਨੀ ਗੇਂਦਬਾਜ਼ੀ ਦੇ ਸਾਹਮਣੇ 38.5 ਓਵਰਾਂ ’ਚ ਸਿਰਫ 146 ਦੌਡ਼ਾਂ ’ਤੇ ਸਿਮਟ ਗਿਆ। ਕੋਈ ਵੀ ਭਾਰਤੀ ਬੱਲੇਬਾਜ਼ 30 ਦੌਡ਼ਾਂ ਦਾ ਅੰਕਡ਼ਾ ਵੀ ਨਹੀਂ ਛੂਹ ਸਕਿਆ। ਹਾਰਦਿਕ ਪਾਂਡਿਆ (29), ਰਵਿੰਦਰ ਜਡੇਜਾ (29), ਸੂਰਿਆਕੁਮਾਰ ਯਾਦਵ (27) ਤੇ ਮੁਹੰਮਦ ਸ਼ੰਮੀ (23) ਨੇ ਕਰੀਜ਼ ’ਤੇ ਟਿਕਣ ਤੋਂ ਬਾਅਦ ਵਿਕਟਾਂ ਗੁਆ ਦਿੱਤੀਆਂ। ਇੰਗਲੈਂਡ ਦੀ ਟੀਮ ਵੀ ਲੈੱਗ ਸਪਿਨਰ ਯੁਜਵੇਂਦਰ ਚਾਹਲ, ਹਾਰਦਿਕ ਤੇ ਜਸਪ੍ਰੀਤ ਬੁਮਰਾਹ ਦੀ ਤਿੱਖੀ ਗੇਂਦਬਾਜ਼ੀ ਦੇ ਸਾਹਮਣੇ 49 ਓਵਰਾਂ ’ਚ 246 ਦੌਡ਼ਾਂ ’ਤੇ ਢੇਰ ਹੋ ਗਈ ਸੀ। ਇੰਗਲੈਂਡ ਦਾ ਕੋਈ ਵੀ ਬੱਲੇਬਾਜ਼ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ’ਚ ਨਹੀਂ ਬਦਲ ਸਕਿਆ। ਮੋਇਨ ਅਲੀ ਤੇ ਡੇਵਿਡ ਵਿਲੀ ਦੀ ਅਰਧ ਸੈਂਕਡ਼ੇ ਵਾਲੀ ਸਾਂਝੇਦਾਰੀ ਨੇ ਮੁਸ਼ਕਲ ਹਾਲਾਤਾਂ ਨੂੰ ਪਾਰ ਕਰਦਿਆਂ ਟੀਮ ਦਾ ਚੁਣੌਤੀਪੂਰਨ ਸਕੋਰ ਬਣਾਉਣ ’ਚ ਮਦਦ ਕੀਤੀ। ਮੋਇਨ ਨੇ 47 ਦੌਡ਼ਾਂ ਬਣਾਈਆਂ ਜਦਕਿ ਵਿਲੀ ਨੂੰ ਦੋ ਜੀਵਨਦਾਨ ਦਾ ਫਾਇਦਾ ਉਠਾਇਆ ਤੇ 41 ਦੌਡ਼ਾਂ ਦੀ ਪਾਰੀ ਖੇਡੀ। ਦੋਵਾਂ ਨੇ 7ਵੀਂ ਵਿਕਟ ਲਈ 62 ਦੌਡ਼ਾਂ ਦੀ ਸਾਂਝੇਦਾਰੀ ਕੀਤੀ। ਮੋਇਨ ਨੇ ਲਿਆਮ ਲਿਵਿੰਗਸਟੋਨ ਨਾਲ 6ਵੇਂ ਵਿਕਟ ਲਈ 46 ਦੌਡ਼ਾਂ ਦੀ ਸਾਂਝੇਦਾਰੀ ਕੀਤੀ। ਸਲਾਮੀ ਬੱਲੇਬਾਜ਼ ਜੋਨੀ ਬੇਅਰਸਟੋ ਨੇ 38 ਦੌਡ਼ਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਇੰਡੀਆ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਤੇ ਟੀਮ ਨੇ 31 ਦੌਡ਼ਾਂ ’ਤੇ 4 ਵਿਕਟਾਂ ਗੁਆ ਦਿੱਤੀਆਂ, ਜਿਸ ਤੋਂ ਟੀਮ ਕਦੇ ਵੀ ਉੱਭਰ ਨਹੀਂ ਸਕੀ। ਭਾਰਤੀ ਬੱਲੇਬਾਜ਼ਾਂ ਨੂੰ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਟਾਪਲੇ ਤੇ ਡੇਵਿਡ ਵਿਲੀ ਨੇ ਕਾਫੀ ਪ੍ਰੇਸ਼ਾਨ ਕੀਤਾ। ਟੀਮ ਨੇ ਤੀਜੇ ਓਵਰ ’ਚ ਕਪਤਾਨ ਰੋਹਿਤ ਸ਼ਰਮਾ ਦਾ ਵਿਕਟ ਗੁਆਇਆ, ਜੋ ਟਾਪਲੇ ਦੇ ਹੱਥੋਂ ਐੱਲ.ਬੀ.ਡਬਲਿਊ. ਹੋ ਗਏ। ਇੰਡੀਆ ਦੀ ਬੱਲੇ ਨਾਲ ਪਹਿਲੀ ਦੌਡ਼ 27ਵੀਂ ਗੇਂਦ ’ਤੇ ਬਣੀ ਜਦੋਂ ਸ਼ਿਖਰ ਧਵਨ ਨੇ 5ਵੇਂ ਓਵਰ ’ਚ ਟਾਪਲੇ ਦੀ ਗੇਂਦ ’ਤੇ ਇਕ ਦੌਡ਼ ਲਈ। ਵਿਰਾਟ ਕੋਹਲੀ ਨੇ ਇਸ ਓਵਰ ’ਚ ਪਾਰੀ ਦਾ ਪਹਿਲਾ ਚੌਕਾ ਜਡ਼ਿਆ ਤੇ ਫਿਰ ਇਸ ਤੇਜ਼ ਗੇਂਦਬਾਜ਼ ਦੇ ਅਗਲੇ ਓਵਰ ’ਚ ਲਗਾਤਾਰ 2 ਚੌਕੇ ਜਡ਼ੇ। ਧਵਨ ਟਾਪਲੇ ਦੀ ਗੇਂਦ ’ਤੇ ਵਿਕਟਕੀਪਰ ਜੋਸ ਬਟਲਰ ਨੂੰ ਕੈਚ ਦੇ ਬੈਠੇ। ਇੰਡੀਆ ਨੇ ਰਿਸ਼ਭ ਪੰਤ ਨੂੰ ਬੱਲੇਬਾਜ਼ੀ ਕ੍ਰਮ ’ਚ ਉੱਪਰ ਭੇਜਿਆ ਪਰ ਉਸ ਨੇ ਮਿਡ-ਆਨ ’ਤੇ ਬ੍ਰਾਈਡਨ ਕਾਰਸ ਦੀ ਫੁੱਲਟਾਸ ਨੂੰ ਮਿਡ ਆਨ ’ਤੇ ਸਿੱਧੇ ਫੀਲਡਰ ਦੇ ਹੱਥਾਂ ’ਚ ਖੇਡ ਗਏ। ਕੋਹਲੀ ਵੀ ਅਗਲੇ ਓਵਰ ’ਚ ਵਿਲੀ ਦੀ ਆਫ ਸਾਈਡ ਤੋਂ ਬਾਹਰ ਵੱਲ ਮੂਵ ਹੁੰਦੀ ਗੇਂਦ ’ਤੇ ਬੱਲੇ ਨੂੰ ਛੂਹਾ ਕੇ ਬਟਲਰ ਨੂੰ ਕੈਚ ਦੇ ਬੈਠੇ। ਸੂਰਿਆਕੁਮਾਰ ਤੇ ਹਾਰਦਿਕ ਨੇ ਫਿਰ ਪਾਰੀ ਨੂੰ ਅੱਗੇ ਵਧਾਇਆ। ਦੋਵਾਂ ਨੇ 15ਵੇਂ ਓਵਰ ’ਚ ਟੀਮ ਦੇ ਸਕੋਰ ਨੂੰ 50 ਦੌਡ਼ਾਂ ਤੋਂ ਪਾਰ ਕਰ ਦਿੱਤਾ। ਸੂਰਿਆਕੁਮਾਰ ਨੇ ਕਾਰਸ ਨੂੰ ਪਾਰੀ ਦਾ ਪਹਿਲਾ ਛੱਕਾ ਲਾਇਆ ਪਰ ਟਾਪਲੇ ਦੀ ਗੇਂਦ ਨੂੰ ਵਿਕਟਾਂ ’ਤੇ ਖੇਡ ਗਏ। ਉਨ੍ਹਾਂ 29 ਗੇਂਦਾਂ ’ਚ 27 ਦੌਡ਼ਾਂ ਬਣਾਈਆਂ। ਹਾਰਦਿਕ ਵੀ ਮੋਇਨ ਦੀ ਗੇਂਦ ’ਤੇ ਲਿਵਿੰਗਸਟੋਨ ਕੋਲ ਕੈਚ ਦੇ ਬੈਠੇ।