ਗਾਇਕ ਸਿੱਧੂ ਮੂਸੇਵਾਲਾ ਦੇ ਮਰਨ ਤੋਂ ਪੰਜ ਮਹੀਨੇ ਬਾਅਦ ਹਰੀ ਸਿੰਘ ਨਲੂਆ ਬਾਰੇ ‘ਵਾਰ’ ਮਰਹੂਮ ਗਾਇਕ ਦੇ ਅਧਿਕਾਰਤ ਯੂ-ਟਿਊਬ ਚੈਨਲ ‘ਤੇ ਅੱਜ ਰਿਲੀਜ਼ ਕੀਤਾ ਗਿਆ। ਇਸ ਨੇ ਰਿਲੀਜ਼ ਦੇ 19 ਮਿੰਟ ਅੰਦਰ ਹੀ ਇਕ ਮਿਲੀਅਨ ਲੋਕਾਂ ਵੱਲੋਂ ਦੇਖੇ ਜਾਣ ਦਾ ਰਿਕਾਰਡ ਕਾਇਮ ਕੀਤਾ। ਇਕ ਘੰਟੇ ਤੋਂ ਪਹਿਲਾਂ ਇਹ ਗੀਤ 1.6 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਮੀਦ ਨਾਲੋਂ ਕਿਤੇ ਵੱਧ ਇਸ ਗੀਤ ਨੂੰ ਲੋਕਾਂ ਨੇ ਪਿਆਰ ਦਿੱਤਾ ਅਤੇ ਸਿੱਧੂ ਮੂਸੇਵਾਲਾ ਦੀ ਮਕਬੂਲੀਅਤ ਦਾ ਸਬੂਤ ਹੈ। ਉਨ੍ਹਾਂ ਚਾਹੁਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਕ ਹੋਰ ਗਾਣਾ ਵੀ ਜਲਦ ਰਿਲੀਜ਼ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਦਾ ਇਹ ਪਹਿਲਾ ਧਾਰਮਿਕ ਗੀਤ ਹੈ ਜਿਸ ਨੂੰ ਭਰਪੂਰ ਹੁੰਗਾਰੇ ਦੀ ਆਸ ਸੀ ਪਰ ਲੋਕਾਂ ਨੇ ਆਸ ਤੋਂ ਵੱਧ ਹੁੰਗਾਰਾ ਦਿੱਤਾ ਹੈ। ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਵਾਲੇ ਦਿਨ ਰਿਲੀਜ਼ ‘ਵਾਰ’ ਦੇ ਵਿਊਜ਼ ਵਧ ਰਹੇ ਹਨ। ਪੰਜਾਬ ਦੇ ਹੋਰ ਕਿਸੇ ਵੀ ਗਾਇਕ ਲਈ ਇੰਨੀਂ ਦੀਵਾਨਗੀ ਨਹੀਂ ਦੇਖੀ ਗਈ। ਦੱਸਣਯੋਗ ਹੈ ਕਿ ਇਸ ਗੀਤ ਦੀ ਰਿਲੀਜ਼ ਤੋਂ ਠੀਕ ਪਹਿਲਾਂ ਮੂਸੇਵਾਲਾ ਦੇ ਮਾਤਾ-ਪਿਤਾ ਕਾਫ਼ੀ ਭਾਵੁਕ ਨਜ਼ਰ ਆਏ। ਉਹ ਬੀਤੇ ਦਿਨ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੇ ਰੂਬਰੂ ਹੋਏ ਸਨ। ਮੂਸੇਵਾਲਾ ਦੇ ਫ਼ੈਨਜ਼ ਵੱਡੀ ਗਿਣਤੀ ‘ਚ ਉਨ੍ਹਾਂ ਦੇ ਮਾਪਿਆਂ ਨੂੰ ਮਿਲਣ ਮੂਸਾ ਪਿੰਡ ਪਹੁੰਚੇ ਸਨ। ਇਸ ਮੌਕੇ ਸਿੱਧੂ ਦੀ ਮਾਂ ਚਰਨ ਕੌਰ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੱਚੇ ‘ਤੇ ਮਾਣ ਹੈ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਉਸ ਦਾ ਫ਼ੈਨ ਸੀ।