ਵਿਜੀਲੈਂਸ ਬਿਊਰੋ ਨੇ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਖ਼ਿਲਾਫ਼ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੀ ਜਾਂਚ ਵਿੱਢ ਦਿੱਤੀ ਹੈ। ਕਾਂਗੜ ਮੌਜੂਦਾ ਸਮੇਂ ‘ਚ ਭਾਜਪਾ ਦੇ ਪ੍ਰਦੇਸ਼ ਜਨਰਲ ਸਕੱਤਰ ਹਨ। ਉਨ੍ਹਾਂ ਖ਼ਿਲਾਫ਼ ਕੁਝ ਸਮਾਂ ਪਹਿਲਾਂ ਹੀ ਪੜਤਾਲ ਸ਼ੁਰੂ ਹੋ ਗਈ ਸੀ ਅਤੇ ਹੁਣ ਇਹ ਮਾਮਲਾ ਪੰਜਾਬ ਵਿਜੀਲੈਂਸ ਦੇ ਮੁੱਖ ਦਫ਼ਤਰ ਦੇ ਇਕ ਸੀਨੀਅਰ ਅਧਿਕਾਰੀ ਨੂੰ ਸੌਂਪ ਦਿੱਤਾ ਗਿਆ ਹੈ। ਵਿਜੀਲੈਂਸ ਅਫ਼ਸਰਾਂ ਨੇ ਕਾਂਗੜ ਦੀ ਪੰਜਾਬ ਤੇ ਦੂਸਰੇ ਸੂਬਿਆਂ ‘ਚ ਨਾਮੀ ਤੇ ਬੇਨਾਮੀ ਸੰਪਤੀ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ ਅਤੇ ਕਾਫ਼ੀ ਵੇਰਵੇ ਜਾਂਚ ਏਜੰਸੀ ਦੇ ਹੱਥ ਲੱਗੇ ਹਨ। ਕਾਂਗੜ ਦੇ ਅਮਰਿੰਦਰ ਸਿੰਘ ਦੀ ਸਰਕਾਰ ‘ਚ ਮਾਲ ਮੰਤਰੀ ਰਹਿਣ ਵੇਲੇ ਦੇ ਵੇਰਵਿਆਂ ‘ਤੇ ਖ਼ਾਸ ਤੌਰ ‘ਤੇ ਕੇਂਦਰਿਤ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਮਾਲ ਵਿਭਾਗ ਤੋਂ ਕਾਂਗੜ ਪਰਿਵਾਰ ਦੀ ਸੰਪਤੀ ਦਾ ਰਿਕਾਰਡ ਵੀ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰਾਂ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਕਾਂਗਰਸ ਸਰਕਾਰ ਸਮੇਂ ਤੂਤੀ ਬੋਲਦੀ ਰਹੀ ਹੈ। ਦੂਸਰੇ ਵਿਭਾਗਾਂ ‘ਚੋਂ ਉਨ੍ਹਾਂ ਨਾਲ ਤਾਇਨਾਤ ਹੋਏ ਅਧਿਕਾਰੀਆਂ ਅਤੇ ਮੁਲਾਜ਼ਮਾਂ ‘ਤੇ ਵੀ ਵਿਜੀਲੈਂਸ ਨੇ ਅੱਖ ਰੱਖੀ ਹੋਈ ਹੈ। ਜਾਣਕਾਰੀ ਮੁਤਾਬਕ ਮਾਲ ਵਿਭਾਗ ਦੇ ਇਕ-ਦੋ ਸ਼ੱਕੀ ਅਧਿਕਾਰੀਆਂ ‘ਤੇ ਵੀ ਵਿਜੀਲੈਂਸ ਦੀ ਗਾਜ ਡਿੱਗ ਸਕਦੀ ਹੈ। ਵਿਜੀਲੈਂਸ ਬਿਊਰੋ ਦੇ ਇਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਕਾਂਗੜ ਦੀ ਸੰਪਤੀ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਜਾਂਚ ਮੁਕੰਮਲ ਹੋ ਜਾਵੇਗੀ ਤਾਂ ਸਾਬਕਾ ਮਾਲ ਮੰਤਰੀ ਨੂੰ ਤਲਬ ਕੀਤਾ ਜਾ ਸਕਦਾ ਹੈ। ਵਿਜੀਲੈਂਸ ਵੱਲੋਂ ਹੰਡਿਆਇਆ ਲਾਗੇ ਖੁੱਲ੍ਹੇ ਆਲੀਸ਼ਾਨ ‘ਆਊਟਲੈੱਟ’ ਵਿਚ ਵੀ ਕਾਂਗੜ ਦੀ ਹਿੱਸੇਦਾਰੀ ਦੇ ਤੱਥ ਇਕੱਠੇ ਕੀਤੇ ਜਾ ਰਹੇ ਹਨ। ਸੂਤਰਾਂ ਅਨੁਸਾਰ ਵਿਜੀਲੈਂਸ ਵੱਲੋਂ ਬਠਿੰਡਾ ਸ਼ਹਿਰ ‘ਚ ਇਕ ਪ੍ਰਾਈਵੇਟ ਕਲੋਨੀ ਦੇ ਵੇਰਵੇ ਵੀ ਇਕੱਠੇ ਕੀਤੇ ਗਏ ਹਨ। ਕਾਂਗੜ ਦੇ ਲੜਕੇ ਹਰਮਨਵੀਰ ਸਿੰਘ ਧਾਲੀਵਾਲ ਨੇ 18 ਅਗਸਤ, 2021 ਨੂੰ ਬਾਦਲ ਪਰਿਵਾਰ ਦੇ ਨੇੜਲੇ ਰਹੇ ਲਖਵੀਰ ਸਿੰਘ ਉਰਫ਼ ਲੱਖੀ ਵਾਸੀ ਹੰਡਿਆਇਆ ਤੋਂ ਦੋ ਏਕੜ ਜ਼ਮੀਨ ਖ਼ਰੀਦੀ ਸੀ ਜਿਸ ਦਾ ਰਜਿਸਟਰੀ ਵਿਚ ਮੁੱਲ 20 ਲੱਖ ਰੁਪਏ ਦਿਖਾਇਆ ਗਿਆ ਹੈ। ਇਸੇ ਤਰ੍ਹਾਂ ਪੰਚਾਇਤ ਮਹਿਕਮੇ ਵੱਲੋਂ ਜ਼ਿਲ੍ਹਾ ਮੁਹਾਲੀ ‘ਚ ਨਾਜਾਇਜ਼ ਕਬਜ਼ੇ ਹੇਠੋਂ ਖਾਲੀ ਕਰਵਾਈ ਗਈ ਜ਼ਮੀਨ ਦੀ ਸੂਚੀ ‘ਚ ਉਨ੍ਹਾਂ ਦੇ ਲੜਕੇ ਹਰਮਨਦੀਪ ਸਿੰਘ ਦਾ ਨਾਮ ਵੀ ਸੀ। ਚੇਤੇ ਰਹੇ ਕਿ ਜਦੋਂ ਕਾਂਗਰਸ ਹਾਈਕਮਾਨ ਨੇ ਚਾਰ ਕਾਂਗਰਸੀ ਮੰਤਰੀਆਂ ਤੋਂ ਵਜ਼ੀਰੀ ਵਾਪਸ ਲਈ ਸੀ ਤਾਂ ਉਨ੍ਹਾਂ ‘ਚ ਕਾਂਗੜ ਵੀ ਸ਼ਾਮਲ ਸਨ। ਕਾਂਗੜ ਉਦੋਂ ਵੀ ਚਰਚਾ ‘ਚ ਆ ਗਏ ਸਨ ਜਦੋਂ ਪੰਜਾਬ ਕੈਬਨਿਟ ਨੇ 17 ਸਤੰਬਰ, 2021 ਨੂੰ ਕਾਂਗੜ ਦੇ ਜਵਾਈ ਗੁਰਸ਼ੇਰ ਸਿੰਘ ਨੂੰ ਆਬਕਾਰੀ ਮਹਿਕਮੇ ‘ਚ ਤਰਸ ਦੇ ਆਧਾਰ ‘ਤੇ ਆਬਕਾਰੀ ਤੇ ਕਰ ਇੰਸਪੈਕਟਰ ਵਜੋਂ ਨਿਯੁਕਤ ਕੀਤੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਸਾਬਕਾ ਮੰਤਰੀ ਕਾਂਗੜ ਨੇ ਕਿਹਾ ਹੈ ਕਿ ਵਿਜੀਲੈਂਸ ਇਕ ਨਿਰਪੱਖ ਏਜੰਸੀ ਹੈ ਜਿਸ ਦੀ ਜਾਂਚ ‘ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਉਨ੍ਹਾਂ ਨੂੰ ਇਸ ਜਾਂਚ ਬਾਰੇ ਹਾਲੇ ਕੁਝ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਿਤਾ ਪੁਰਖੀ ਕਾਰੋਬਾਰ ਹੈ ਅਤੇ 1990-91 ਤੋਂ ਉਨ੍ਹਾਂ ਦਾ ਸ਼ੈਲਰ ਅਤੇ ਆੜ੍ਹਤ ਦਾ ਕਾਰੋਬਾਰ ਹੈ। ਬੱਸਾਂ ਦਾ ਵੀ ਵੱਡਾ ਕਾਫ਼ਲਾ ਰਿਹਾ ਪਰ ਉਨ੍ਹਾਂ ਨੂੰ ਬੱਸਾਂ ਤੇ ਜ਼ਮੀਨ ਵੀ ਵੇਚਣੀ ਪਈ ਹੈ।