ਕਾਮਨਵੈਲਥ ਗੇਮਜ਼ ‘ਚ ਸੋਨ ਤਗ਼ਮਾ ਜੇਤੂ ਪਹਿਲਵਾਨ ਗੀਤਾ ਫੋਗਾਟ ਨੂੰ ਦਿੱਲੀ ਪੁਲੀਸ ਨੇ ਹਿਰਾਸਤ ‘ਚ ਲਿਆ ਜਿਸ ਦੀ ਜਾਣਕਾਰੀ ਖੁਦ ਗੀਤਾ ਫੋਗਾਟ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਂਝੀ ਕੀਤੀ। ਉਸਨੇ ਲਿਖਿਆ, ‘ਮੈਨੂੰ ਅਤੇ ਮੇਰੇ ਪਤੀ ਪਵਨ ਸਰੋਹਾ ਨੂੰ ਦਿੱਲੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬਹੁਤ ਦੁਖਦ।’ ਗੀਤਾ ਫੋਗਾਟ ਆਪਣੇ ਪਤੀ ਨਾਲ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਦੇਸ਼ ਦੇ ਚੋਟੀ ਦੇ ਪਹਿਲਵਾਨਾਂ ਦਾ ਸਮਰਥਨ ਕਰਨ ਲਈ ਨਿਕਲੀ ਸੀ। ਦਿੱਲੀ ਪੁਲੀਸ ਨੇ ਦੋਵਾਂ ਨੂੰ ਸਿੰਘੂ ਬਾਰਡਰ ‘ਤੇ ਹਿਰਾਸਤ ‘ਚ ਲੈ ਲਿਆ। ਇਸ ਤੋਂ ਬਾਅਦ ਉਨ੍ਹਾ ਨੂੰ ਬਵਾਨਾ ਥਾਣੇ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਬੁੱਧਵਾਰ ਅੱਧੀ ਰਾਤ ਤੋਂ ਬਾਅਦ ਜੰਤਰ-ਮੰਤਰ ‘ਤੇ ਹੋਏ ਹੰਗਾਮੇ ਤੋਂ ਬਾਅਦ ਪਹਿਲਵਾਨਾਂ ‘ਚ ਕਾਫੀ ਗੁੱਸਾ ਹੈ। ਜਿਨਸੀ ਸੋਸ਼ਣ ਦੇ ਦੋਸ਼ਾਂ ਦੇ ਸਬੰਧ ‘ਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਅਤੇ ਕੁਝ ਪੁਲੀਸ ਮੁਲਾਜ਼ਮਾਂ ਵਿਚਾਲੇ ਬੁੱਧਵਾਰ ਰਾਤ ਨੂੰ ‘ਹੱਥੋਪਾਈ’ ਹੋ ਗਈ, ਜਿਸ ਕਾਰਨ ਕੁਝ ਪ੍ਰਦਰਸ਼ਨਕਾਰੀਆਂ ਦੇ ਸਿਰ ‘ਤੇ ਸੱਟਾਂ ਲੱਗ ਗਈਆਂ ਹਨ। ਪਹਿਲਵਾਨਾਂ ਨੇ ਦੋਸ਼ ਲਾਇਆ ਕਿ ਲਗਾਤਾਰ ਮੀਂਹ ਪੈਣ ਕਾਰਨ ਗੱਦੇ ਗਿੱਲੇ ਹੋ ਗਏ ਸਨ, ਇਸ ਲਈ ਅਸੀਂ ਸੌਣ ਲਈ ਫੋਲਡਿੰਗ ਬੈੱਡ ਲਾ ਰਹੇ ਸੀ ਪਰ ਪੁਲੀਸ ਨੇ ਇਜਾਜ਼ਤ ਨਹੀਂ ਦਿੱਤੀ। ਇਸ ਤੋਂ ਬਾਅਦ ਪਹਿਲਵਾਨਾਂ ਅਤੇ ਪੁਲੀਸ ਵਿਚਾਲੇ ਹੱਥੋਪਾਈ ਹੋ ਗਈ। ਇਸ ਤੋਂ ਪਹਿਲਾਂ ਗੀਤਾ ਫੋਗਾਟ ਦੇ ਪਿਤਾ ਅਤੇ ਦਰੋਣਾਚਾਰੀਆ ਐਵਾਰਡੀ ਮਹਾਵੀਰ ਫੋਗਾਟ ਨੇ ਐਲਾਨ ਕੀਤਾ ਸੀ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਦਿੱਲੀ ਦਾ ਘਿਰਾਓ ਕਰਨਗੇ। ਉਨ੍ਹਾਂ ਨੇ ਦਰੋਣਾਚਾਰੀਆ ਪੁਰਸਕਾਰ ਵਾਪਸ ਕਰਨ ਦੀ ਵੀ ਚਿਤਾਵਨੀ ਦਿੱਤੀ ਹੈ। ਮਹਾਵੀਰ ਫੋਗਾਟ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਲੜਾਈ ‘ਚ ਉਨ੍ਹਾਂ ਦੀ ਛੋਟੀ ਬੇਟੀ ਅਤੇ ਭਾਜਪਾ ਨੇਤਾ ਬਬੀਤਾ ਫੋਗਾਟ ਵੀ ਉਨ੍ਹਾਂ ਦੇ ਨਾਲ ਹੈ।