ਹਾਰਦਿਕ ਪਾਂਡਿਆ ਦੇ ਆਲਰਾਊਂਡ ਪ੍ਰਦਰਸ਼ਨ ਦੇ ਦਮ ‘ਤੇ ਇੰਡੀਆ ਨੇ ਏਸ਼ੀਆ ਕੱਪ ‘ਚ ਆਪਣੇ ਪਹਿਲੇ ਮੁਕਾਬਲੇ ‘ਚ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਹਾਰਦਿਕ ਨੇ ਪਹਿਲਾਂ ਗੇਂਦਬਾਜ਼ੀ ‘ਚ ਆਪਣੀ ਉਪਯੋਗਿਤਾ ਸਾਬਤ ਕਰਦੇ ਹੋਏ 4 ਓਵਰਾਂ ‘ਚ 25 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਿਸ ਦੇ ਦਮ ‘ਤੇ ਇੰਡੀਆ ਨੇ ਪਾਕਿਸਤਾਨ ਨੂੰ 19.5 ਓਵਰਾਂ ‘ਚ 147 ਦੌੜਾਂ ‘ਤੇ ਸਮੇਟ ਦਿੱਤਾ। ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਦੇ ਹੋਏ 17 ਗੇਂਦਾਂ ‘ਚ ਅਜੇਤੂ 33 ਦੌੜਾਂ ਬਣਾਈਆਂ ਤੇ ਰਵਿੰਦਰ ਜਡੇਜਾ (29 ਗੇਂਦਾਂ ‘ਚੇ 35 ਦੌੜਾਂ) ਦੇ ਨਾਲ 52 ਦੌੜਾਂ ਦੀ ਸਾਂਝੇਦਾਰੀ ਕਰਕੇ ਇੰਡੀਆ ਨੂੰ ਜਿੱਤ ਦਿਵਾਈ। ਇਸਦੇ ਨਾਲ ਹੀ ਭਾਰਤੀ ਟੀਮ ਨੇ 10 ਮਹੀਨੇ ਪਹਿਲਾਂ ਟੀ-20 ਵਿਸ਼ਵ ਕੱਪ ‘ਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਹੈਰਿਸ ਰਾਓਫ ਦੇ ਕਰਵਾਏ 19ਵੇਂ ਓਵਰ ‘ਚ ਪੰਡਯਾ ਦੇ ਤਿੰਨ ਚੌਕਿਆਂ ਨੇ ਮੈਚ ਦਾ ਪਾਸਾ ਪਲਟ ਦਿੱਤਾ। ਇੰਡੀਆ ਨੂੰ ਆਖਰੀ ਤਿੰਨ ਗੇਂਦਾਂ ‘ਚ 6 ਦੌੜਾਂ ਦੀ ਲੋੜ ਸੀ ਤੇ ਹਾਰਦਿਕ ਨੇ ਖੱਬੇ ਹੱਥ ਦੇ ਸਪਿਨਰ ਮੁਹੰਮਦ ਨਵਾਜ਼ ਨੂੰ ਛੱਕਾ ਲਾ ਕੇ ਦੋ ਗੇਂਦਾਂ ਬਾਕੀ ਰਹਿੰਦਿਆਂ ਇੰਡੀਆ ਨੂੰ ਜਿੱਤ ਦਿਵਾਈ। ਇਸ ਤੋਂ ਪਹਿਲਾਂ ਇੰਡੀਆ ਦੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ। ਕੇ.ਐੱਲ. ਰਾਹੁਲ ਖਾਤਾ ਵੀ ਨਹੀਂ ਖੋਲ੍ਹ ਸਕਿਆ ਜਦਕਿ ਕਪਤਾਨ ਰੋਹਿਤ ਸ਼ਰਮਾ 18 ਗੇਂਦਾਂ ‘ਤੇ 12 ਦੌੜਾਂ ਬਣਾ ਕੇ ਆਊਟ ਹੋਇਆ। ਵਿਰਾਟ ਕੋਹਲੀ ਨੇ 34 ਗੇਂਦਾਂ ‘ਚ 35 ਦੌੜਾਂ ਬਣਾਈਆਂ ਪਰ ਵੱਡੀ ਪਾਰੀ ਵੱਲ ਵਧਦੇ ਹੋਏ ਗੈਰ-ਜ਼ਿੰਮੇਵਾਰਾਨਾ ਸ਼ਾਟ ਖੇਡ ਕੇ ਆਊਟ ਹੋਇਆ। ਪਾਕਿਸਤਾਨ ਲਈ ਡੈਬਿਊ ਕਰ ਰਹੇ ਨਸੀਮ ਸ਼ਾਹ ਨੇ ਭਾਰਤੀ ਬੱਲੇਬਾਜ਼ਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ। ਇਕ ਸਮੇਂ ਇੰਡੀਆ ਦਾ ਸਕੋਰ 4 ਵਿਕਟਾਂ ‘ਤੇ 89 ਦੌੜਾਂ ਹੋ ਗਿਆ ਸੀ, ਜਿਸ ਤੋਂ ਬਾਅਦ ਜਡੇਜਾ ਤੇ ਪਾਂਡਿਆ ਨੇ ਜ਼ਿੰਮੇਵਾਰੀ ਸੰਭਾਲੀ। ਇਸ ਤੋਂ ਪਹਿਲਾਂ ਇੰਡੀਆ ਨੇ ਟਾਸ ਜਿੱਤ ਕੇ ਪਾਕਿਸਤਾਨ ਨੂੰ ਬੱਲੇਬਾਜ਼ੀ ਕਰਨ ਲਈ ਸੱਦਾ ਦਿੱਤਾ ਤੇ ਭੁਵਨੇਸ਼ਵਰ ਕੁਮਾਰ ਨੇ ਤੀਜੇ ਓਵਰ ‘ਚ ਹੀ ਬਾਬਰ ਆਜ਼ਮ (10) ਨੂੰ ਆਊਟ ਕਰ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਤੀਜੇ ਨੰਬਰ ‘ਤੇ ਆਏ ਫਖਰ ਜ਼ਮਾਨ ਨੇ ਦੋ ਚੌਕਿਆਂ ਦੇ ਨਾਲ ਪਾਰੀ ਦਾ ਆਗਾਜ਼ ਕੀਤਾ ਪਰ ਆਵੇਸ਼ ਖਾਨ ਨੇ ਉਸ ਨੂੰ ਸਿਰਫ 10 ਦੌੜਾਂ ‘ਤੇ ਵਿਕਟਕੀਪਰ ਦਿਨੇਸ਼ ਕਾਰਤਿਕ ਹੱਥੋਂ ਕੈਚ ਕਰਵਾ ਕੇ ਪੈਵੇਲੀਅਨ ਭੇਜ ਦਿੱਤਾ। ਤੀਜੀ ਵਿਕਟ ਲਈ 45 ਦੌੜਾਂ ਦੀ ਸਾਂਝੇਦਾਰੀ ਕਰਨ ਵਾਲੇ ਮੁਹੰਮਦ ਰਿਜ਼ਵਾਨ ਤੇ ਇਫਤਿਖਾਰ ਅਹਿਮਦ ਹਾਰਦਿਕ ਪਾਂਡਿਆ ਦੀਆਂ ਛੋਟੀਆਂ ਗੇਂਦ ਦੇ ਸ਼ਿਕਾਰ ਹੋਏ। ਰਿਜ਼ਵਾਨ ਨੇ 42 ਗੇਂਦਾਂ ‘ਤੇ 4 ਚੌਕਿਆਂ ਤੇ 1 ਛੱਕੇ ਦੀ ਬਦੌਲਤ 43 ਦੌੜਾਂ ਦੀ ਪਾਰੀ ਖੇਡੀ ਜਦਕਿ ਇਫਤਿਖਾਰ ਨੇ 22 ਗੇਂਦਾਂ ‘ਤੇ 2 ਚੌਕੇ ਤੇ 1 ਛੱਕਾ ਲਾਉਂਦੇ ਹੋਏ 28 ਦੌੜਾਂ ਬਣਾਈਆਂ। ਹਾਰਦਿਕ ਨੇ ਖੁਸ਼ਦਿਲ ਸ਼ਾਹ (2) ਦੀ ਵੀ ਵਿਕਟ ਲਈ। ਇਸ ਤੋਂ ਬਾਅਦ ਪਾਕਿਸਤਾਨ ਦੀਆਂ ਵਿਕਟਾਂ ਦੀ ਝੜੀ ਲੱਗ ਗਈ। ਭੁਵਨੇਸ਼ਵਰ ਨੇ ਜਿੱਥੇ ਸ਼ਾਦਾਬ ਖਾਨ (10), ਆਸਿਫ ਅਲੀ (9) ਤੇ ਨਸੀਮ ਸ਼ਾਹ (0) ਨੂੰ ਆਊਟ ਕੀਤਾ, ਉਥੇ ਹੀ ਅਰਸ਼ਦੀਪ ਸਿੰਘ ਨੇ ਮੁਹੰਮਦ ਨਵਾਜ਼ (1) ਨੂੰ ਪੈਵੇਲੀਅਨ ਭੇਜਿਆ। 19ਵੇਂ ਓਵਰ ਵਿਚ ਸ਼ਾਦਾਬ ਤੇ ਨਸੀਮ ਨੂੰ ਆਊਟ ਕਰਨ ਤੋਂ ਬਾਅਦ ਭੁਵਨੇਸ਼ਵਰ ਕੋਲ ਹੈਟ੍ਰਿਕ ਦਾ ਮੌਕਾ ਸੀ ਪਰ ਸ਼ਾਹਨਵਾਜ਼ ਦਹਾਨੀ ਨੇ ਛੱਕਾ ਲਾ ਕੇ ਉਸ ਨੂੰ ਇਹ ਉਪਲੱਬਧੀ ਹਾਸਲ ਨਹੀਂ ਕਰਨ ਦਿੱਤੀ। ਅਰਸ਼ਦੀਪ ਨੇ ਆਖਰੀ ਓਵਰ ਦੀਆਂ ਪਹਿਲੀਆਂ ਚਾਰ ਗੇਂਦਾਂ ‘ਤੇ 11 ਦੌੜਾਂ ਦੇਣ ਤੋਂ ਬਾਅਦ ਦਹਾਨੀ (16) ਨੂੰ ਬੋਲਡ ਕੀਤਾ ਤੇ ਪਾਕਿਸਤਾਨ ਦੀ ਪਾਰੀ 147 ਦੌੜਾਂ ‘ਤੇ ਸਿਮਟ ਗਈ।