ਇਕ ਪੰਜਾਬੀ ਸਿੱਖ ਪਰਿਵਾਰ ਦੀ ਅੱਠ ਮਹੀਨੇ ਦੀ ਬੱਚੀ ਸਣੇ ਚਾਰ ਜੀਆਂ, ਜਿਨ੍ਹਾਂ ‘ਚ ਇਕ ਮਹਿਲਾ ਤੇ ਦੋ ਸਕੇ ਭਰਾ ਸ਼ਾਮਲ ਸਨ, ਨੂੰ ਅਗਵਾ ਕਰਕੇ ਕਤਲ ਕਰਨ ਮਗਰੋਂ ਮਕਤੂਲ ਅਮਨਦੀਪ ਸਿੰਘ ਦੀ ਪਤਨੀ ਜਸਪ੍ਰੀਤ ਕੌਰ ਨੇ ਕਿਹਾ, ‘ਇਹ ਅਮਰੀਕਾ ‘ਿਚ ਸਾਡੇ ਸੁਫ਼ਨਿਆਂ ਦੇ ਗ਼ਲਤ ਸਾਬਤ ਹੋਣ ਦੀ ਕਹਾਣੀ ਹੈ।’ ਬੁੱਧਵਾਰ ਸ਼ਾਮ ਨੂੰ ਇੰਡੀਆਨਾ ਰੋਡ ਐਂਡ ਹਚਿਨਸਨ ਰੋਡ ਨੇੜੇ ਇਕ ਬਾਗ ‘ਚੋਂ 8 ਮਹੀਨੇ ਦੀ ਬੱਚੀ ਆਰੂਹੀ ਢੇਰੀ, ਉਸ ਦੀ ਮਾਂ ਜਸਲੀਨ ਕੌਰ (27), ਪਿਤਾ ਜਸਦੀਪ ਸਿੰਘ (36) ਅਤੇ ਜਸਦੀਪ ਦੇ ਭਰਾ ਅਮਨਦੀਪ ਸਿੰਘ (39) ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ। ਇਨ੍ਹਾਂ ਚਾਰਾਂ ਨੂੰ ਸੋਮਵਾਰ ਨੂੰ ਅਗਵਾ ਕੀਤਾ ਗਿਆ ਸੀ। ਇਹ ਪਰਿਵਾਰ, ਜੋ ਕਿ ਮੂਲ ਰੂਪ ‘ਚ ਹੁਸ਼ਿਆਰਪੁਰ ਦੇ ਹਰਸੀਪਿੰਡ ਦਾ ਰਹਿਣ ਵਾਲਾ ਸੀ, ਨੂੰ ਕੈਲੀਫੋਰਨੀਆ ਦੇ ਮਰਸਡ ਕਾਉਂਟੀ ਸ਼ਹਿਰ ‘ਚ ਉਨ੍ਹਾਂ ਦੇ ਕਾਰੋਬਾਰੀ ਅਦਾਰੇ ਤੋਂ ਅਗਵਾ ਕਰ ਲਿਆ ਗਿਆ ਸੀ। ਇਹ ਜਾਣਕਾਰੀ ਵੀਡੀਓ ਫੁਟੇਜ ਤੋਂ ਮਿਲੀ। ਅਮਨਦੀਪ ਦੀ ਵਿਧਵਾ ਜਸਪ੍ਰੀਤ ਕੌਰ ਨੇ ‘ਗੋ ਫੰਡ ਮੀ’ ਫੰਡਰੇਜ਼ਰ ‘ਚ ਦੱਸਿਆ ਕਿ ਉਨ੍ਹਾਂ ਦੇ ਪਤੀ ਅਤੇ ਉਨ੍ਹਾਂ ਦੇ ਭਰਾ ਪਿਛਲੇ 18 ਸਾਲਾਂ ਤੋਂ ਅਮਰੀਕਾ ‘ਚ ਰਹਿ ਰਹੇ ਹਨ। ਉਨ੍ਹਾਂ ਨੇ ਨਾ ਸਿਰਫ਼ ਕੈਲੀਫੋਰਨੀਆ ‘ਚ ਆਪਣੇ ਪਰਿਵਾਰ ਦੀ, ਸਗੋਂ ਭਾਰਤ ‘ਚ ਆਪਣੇ ਬਜ਼ੁਰਗ ਮਾਤਾ-ਪਿਤਾ ਨੂੰ ਸੰਭਾਲਿਆ ਹੋਇਆ ਸੀ। ਪਰਿਵਾਰ ਦੇ ‘ਗੋ ਫੰਡ ਮੀ’ ਪੇਜ ‘ਤੇ ਉਨ੍ਹਾਂ ਲਿਖਿਆ, ‘ਇਹ ਅਮਰੀਕਾ ‘ਚ ਸਾਡੇ ਸੁਫ਼ਨਿਆਂ ਦੇ ਗ਼ਲਤ ਸਾਬਤ ਹੋਣ ਦੀ ਕਹਾਣੀ ਹੈ।’ 3 ਅਕਤੂਬਰ ਨੂੰ ਸਾਡੇ ਪਰਿਵਾਰ ਨੂੰ ਹਿੰਸਕ ਢੰਗ ਨਾਲ ਸਾਡੇ ਕੋਲੋਂ ਖੋਹ ਲਿਆ ਗਿਆ। ਜਸਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਰੋਜ਼ਾਨਾ ਸਥਾਨਕ ਫੂਡ ਬੈਂਕ ਨੂੰ ਭੋਜਨ ਦਾਨ ਕਰਦੇ ਸੀ ਅਤੇ ਹਰ ਐਤਵਾਰ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਸੇਵਾ ਲਈ ਜਾਂਦੇ ਸੀ। ਉਨ੍ਹਾਂ ਦੀ ਨੌਂ ਸਾਲ ਦੀ ਬੇਟੀ ਅਤੇ ਅੱਠ ਸਾਲ ਦਾ ਬੇਟਾ ਹੈ। ਪਰਿਵਾਰ ਦੇ ‘ਗੋ ਫੰਡ ਮੀ’ ਪੇਜ ‘ਤੇ ਕੀਤੀ ਗਈ ਅਪੀਲ ਦੇ ਅਨੁਸਾਰ, ਦੋਵੇਂ ਭਰਾ ‘ਪਰਿਵਾਰ ‘ਚ ਆਮਦਨ ਦਾ ਇੱਕੋ ਇੱਕ ਸਰੋਤ ਸਨ ਅਤੇ ਭਾਰਤ ‘ਚ ਆਪਣੇ ਬਜ਼ੁਰਗ ਮਾਪਿਆਂ ਦੀ ਦੇਖ਼ਭਾਲ ਵੀ ਕਰਦੇ ਸਨ’। ਜਸਪ੍ਰੀਤ ਨੇ ਇਸ ਫੰਡਰੇਜ਼ਰ ਦਾ ਆਯੋਜਨ ਕੀਤਾ ਹੈ। ਹਾਲਾਂਕਿ ਸਿੱਖ ਪਰਿਵਾਰ ਦੇ ਕਤਲ ਦੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀਆਂ ਅਤੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਪਹਿਲਾਂ ਉਸ ਪਰਿਵਾਰ ਲਈ ਹੀ ਕੰਮ ਕਰਦਾ ਸੀ। ਉਸ ਦਾ ਇਸ ਪਰਿਵਾਰ ਨਾਲ ਪੁਰਾਣਾ ਝਗੜਾ ਸੀ, ਜਿਸ ਦਾ ਨਤੀਜਾ ਇਹ ਕਤਲੇਆਮ ਹੋਇਆ ਹੈ।