ਅਧਿਆਪਕਾਂ ਨੂੰ ਲੈ ਕੇ ਜਾ ਰਹੀ ਟਰੈਕਸ ਗੱਡੀ ਅਤੇ ਰੋਡਵੇਜ਼ ਦੀ ਬੱਸ ਵਿਚਕਾਰ ਅੱਜ ਸ਼ੁੱਕਰਵਾਰ ਨੂੰ ਸਵੇਰੇ ਹੋਈ ਟੱਕਰ ‘ਚ ਟਰੈਕਟਰ ਡਰਾਈਵਰ ਸਮੇਤ ਤਿੰਨ ਅਧਿਆਪਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ 10 ਹੋਰ ਅਧਿਆਪਕ ਜ਼ਖਮੀ ਹੋਏ ਹਨ। ਹਾਦਸਾ ਫ਼ਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਸਥਿਤ ਪਿੰਡ ਖਾਈ ਫ਼ੇਮੇ ਕੀ ਦੇ ਨਜ਼ਦੀਕ ਵਾਪਰਿਆ। ਡਰਾਇਵਰ ਸਣੇ ਤਿੰਨ ਅਧਿਆਪਕਾਂ ਦੀ ਮੌਕੇ ‘ਤੇ ਮੌਤ ਹੋ ਗਈ ਹੈ। ਟਰੈਕਸ ਗੱਡੀ ‘ਚ ਸਵਾਰ ਦਸ ਦੇ ਕਰੀਬ ਹੋਰ ਅਧਿਆਪਕ ਗੰਭੀਰ ਜ਼ਖ਼ਮੀਂ ਵੀ ਹੋਏ ਹਨ ਜਿਨ੍ਹਾਂ ਨੂੰ ਨੇੜਲੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਮੁੱਢਲੀ ਜਾਣਕਾਰੀ ਮੁਤਾਬਕ 14 ਦੇ ਕਰੀਬ ਸਰਕਾਰੀ ਅਧਿਆਪਕ ਅੱਜ ਸਵੇਰੇ ਜਲਾਲਾਬਾਦ ਤੋਂ ਤਰਨਤਾਰਨ ਆਪਣੀ ਡਿਊਟੀ ‘ਤੇ ਜਾ ਰਹੇ ਸਨ। ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਜਦੋਂ ਇਹ ਗੱਡੀ ਖਾਈ ਫ਼ੇਮੇ ਕੀ ਦੇ ਨਜ਼ਦੀਕ ਪੁੱਜੀ ਤਾਂ ਸਾਹਮਣਿਉਂ ਆ ਰਹੀ ਸਰਕਾਰੀ ਬੱਸ ‘ਚ ਜਾ ਵੱਜੀ। ਹਾਦਸਾ ਏਨਾ ਜ਼ਬਰਦਸਤ ਸੀ ਕਿ ਗੱਡੀ ਵਿੱਚੋਂ ਡਰਾਇਵਰ ਅਤੇ ਅਧਿਆਪਕਾਂ ਨੂੰ ਸਖ਼ਤ ਮਿਹਨਤ ਤੋਂ ਬਾਅਦ ਬਾਹਰ ਬੜੀ ਮੁਸ਼ਕਿਲ ਨਾਲ ਕੱਢਿਆ ਜਾ ਸਕਿਆ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰੈਕਸ ਗੱਡੀ ਦੇ ਡਰਾਇਵਰ ਨੇ ਜਦੋਂ ਤੇਜ਼ ਰਫ਼ਤਾਰ ਨਾਲ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਹਾਦਸਾ ਵਾਪਰ ਗਿਆ। ਸਥਾਨਕ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।