ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਗੱਜ-ਵੱਜ ਕੇ ਪੰਚਾਇਤੀ ਤੇ ਹੋਰ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਗੱਲ ਕਰਦੇ ਹਨ ਤੇ ਵਾਹ-ਵਾਹ ਖੱਟਣ ਦਾ ਕੋਈ ਮੌਕਾ ਨਹੀਂ ਛੱਡਦੇ। ਪਰ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ‘ਆਪ’ ਸਰਕਾਰ ਨੂੰ ਹੁਣ ਇਸੇ ਮੁੱਦੇ ‘ਤੇ ਘੇਰ ਲਿਆ ਹੈ। ਹਾਕਮ ਧਿਰ ਦੇ ਦੋ ਰਾਜ ਸਭਾ ਮੈਂਬਰਾਂ ਲਵਲੀ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਤੋਂ ਬਾਅਦ ਹੁਣ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਨਾਂ ਵੀ ਇਸ ‘ਚ ਬੋਲਣ ਲੱਗਾ ਹੈ। ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਨੇ ਸਰਕਾਰੀ ਜ਼ਮੀਨ ਸਬੰਧੀ ਰਿਕਾਰਡ ਦੀਆਂ ਕਾਪੀਆਂ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾ ਦੀ ਸੰਤ ਸੀਚੇਵਾਲ ਨਾਲ ਕੋਈ ਰੰਜਿਸ਼ ਨਹੀਂ ਹੈ ਪਰ ਗੱਲ ਅਸੂਲਾਂ ਦੀ ਹੈ। ਜੇਕਰ ‘ਆਪ’ ਸਰਕਾਰ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾ ਰਹੀ ਹੈ ਤਾਂ ਇਹ ਕੰਮ ਨਿਰਪੱਖਤਾ ਨਾਲ ਹੋਣਾ ਚਾਹੀਦਾ ਹੈ। ਇਕ ਪਾਸੇ ‘ਲਵਲੀ ਯੂਨੀਵਰਸਿਟੀ’ ਵਾਲੇ ਅਸ਼ੋਕ ਮਿੱਤਲ ਨੇ ਕਈ ਕਰੋੜ ਦੀ ਜ਼ਮੀਨ ‘ਤੇ ਕਥਿਤ ਕਬਜ਼ਾ ਕਰ ਰੱਖਿਆ ਹੈ ਤਾਂ ਦੂਜੇ ਪਾਸੇ ਸੰਤ ਸੀਚੇਵਾਲ ਦਾ ਟਰੱਸਟ ਵੀ 21 ਏਕੜ ਸਰਕਾਰੀ ਜ਼ਮੀਨ ‘ਤੇ ਕਾਬਜ਼ ਹੈ। ਇਹ ਦੋਵੇਂ ਹੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਨ। ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ, ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਸਮੁੱਚੀ ਸਰਕਾਰ ਨੂੰ ਚੈਲੰਜ ਕੀਤਾ ਕਿ ਹੁਣ ਇਨ੍ਹਾਂ ਦੋਹਾਂ ਰਾਜ ਸਭਾ ਮੈਂਬਰਾਂ ਖ਼ਿਲਾਫ਼ ਵੀ ਉਹੀ ਕਾਰਵਾਈ ਹੋਵੇ ਜਿਹੜੀ ਬਾਕੀ ਕਾਬਜ਼ਕਾਰਾਂ ਖ਼ਿਲਾਫ਼ ਅਮਲ ‘ਚ ਲਿਆਂਦੀ ਗਈ ਹੈ। ਸੰਤ ਸੀਚੇਵਾਲ ਤੇ ਅਸ਼ੋਕ ਮਿੱਤਲ ਕੋਲੋਂ ਨਾਜਾਇਜ਼ ਕਬਜ਼ੇ ਵਾਲੀ ਸਰਕਾਰੀ ਜ਼ਮੀਨ ਛੁਡਵਾਉਣ ਦੀ ਮੰਗ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਸੂਬੇ ਦੇ ਬਹੁਗਿਣਤੀ ਇਲਾਕਿਆਂ ‘ਚ ਸਿਆਸਤਦਾਨਾਂ ਨੇ ਸਰਕਾਰੀ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨਾਜਾਇਜ਼ ਕਬਜ਼ੇ ਛੁਡਾਉਣ ਲਈ ਵਿਰੋਧੀ ਧਿਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਜਦਕਿ ਉਸ ਦੇ ਆਪਣੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਜਾਮੇਵਾਲ ਤੇ ਫੱਤੇਵਾਲ ਦੀ 21 ਏਕੜ ਸਰਕਾਰੀ ਜ਼ਮੀਨ ‘ਤੇ ਕਬਜ਼ਾ ਕਰਕੇ ਖੇਤੀ ਕੀਤੀ ਜਾ ਰਹੀ ਹੈ, ਜਿਸ ਦੀ ਆਮਦਨ ਸੀਚੇਵਾਲ ਟਰੱਸਟ ਨੂੰ ਜਾ ਰਹੀ ਹੈ। ਇਸੇ ਤਰ੍ਹਾਂ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਵੱਲੋਂ ਲਵਲੀ ਯੂਨੀਵਰਸਿਟੀ ਦੇ ਕੈਂਪਸ ਵਿਚਕਾਰ ਪੈਂਦੀ ਪਿੰਡ ਚਹੇੜੂ ਦੀ ਕਰੀਬ ਸੌ ਕਰੋੜ ਦੀ ਪੰਚਾਇਤੀ ਜ਼ਮੀਨ ਦਾ ਤਬਾਦਲਾ ਵੇਈਂ ਕੰਢੇ ਬੰਜਰ ਜ਼ਮੀਨ, ਜਿਸ ਦੀ ਕੀਮਤ ਤਕਰੀਬਨ ਦੋ ਕਰੋੜ ਨਾਲ ਕਰ ਦਿੱਤਾ ਗਿਆ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਨਾਗਲਾ ਪਿੰਡ ਦੀ 2828 ਏਕੜ ਜ਼ਮੀਨ ਦੇ ਇੰਤਕਾਲਾਂ ਨੂੰ ਰੱਦ ਕਰਨ ਵਾਂਗ ਆਪਣੇ ਰਾਜ ਸਭਾ ਮੈਂਬਰਾਂ ਦੀ ਸਰਕਾਰੀ ਜ਼ਮੀਨ ਦੇ ਇੰਤਕਾਲ ਰੱਦ ਕਰਕੇ ਸਰਕਾਰੀ ਤੇ ਪੰਚਾਇਤੀ ਜ਼ਮੀਨ ਛੁਡਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਆਪਣੇ ਵਾਅਦਿਆਂ ਤੇ ਦਾਅਵਿਆਂ ‘ਤੇ ਖਰੀ ਉੱਤਰਦੀ ਹੈ ਜਾਂ ਦੜ ਵੱਟ ਜਾਂਦੀ ਹੈ।