ਇਕਵਾਡੋਰ ਦੇ ਬੰਦਰਗਾਹ ਸ਼ਹਿਰ ਗੁਆਯਾਕਿਲ ‘ਚ ਹੋਏ ਜ਼ਬਰਦਸਤ ਧਮਾਕੇ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ 26 ਜ਼ਖ਼ਮੀ ਹੋ ਗਏ। ਇਕਵਾਡੋਰ ਦੇ ਸਰਕਾਰੀ ਅਧਿਕਾਰੀਆਂ ਨੇ ਗੁਆਯਾਕਿਲ ‘ਚ ਇਕ ਘਾਤਕ ਧਮਾਕੇ ਨੂੰ ‘ਸੰਗਠਿਤ ਅਪਰਾਧ’ ਵਜੋਂ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ 26 ਜ਼ਖ਼ਮੀ ਹੋਏ ਹਨ। ਇਕਵਾਡੋਰ ਦੇ ਗ੍ਰਹਿ ਮੰਤਰੀ ਪੈਟਰਿਕ ਕੈਰੀਲੋ ਨੇ ਐਤਵਾਰ ਨੂੰ ਹੋਏ ਧਮਾਕੇ ਨੂੰ ਸਰਕਾਰ ਵਿਰੁੱਧ ਅਪਰਾਧਿਕ ਸਮੂਹਾਂ ਵੱਲ਼ੋਂ ‘ਜੰਗ ਦਾ ਐਲਾਨ’ ਕਰਾਰ ਦਿੱਤਾ ਹੈ। ਰਿਪੋਰਟ ਅਨੁਸਾਰ ਐਂਡੀਅਨ ਦੇਸ਼ ਨੂੰ ਗੁਆਂਢੀ ਪੇਰੂ ਅਤੇ ਕੋਲੰਬੀਆ ਵੱਲੋਂ ਕੋਕੀਨ ਦੀ ਤਸਕਰੀ ਲਈ ਇਕ ਰੂਟ ਵਜੋਂ ਵਰਤਿਆ ਜਾ ਰਿਹਾ ਹੈ। ਅਜੋਕੇ ਸਮੇਂ ‘ਚ ਕਤਲ ਅਤੇ ਗੈਂਗ ਨਾਲ ਸਬੰਧਤ ਅਪਰਾਧਾਂ ਦੇ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਗੁਆਯਾਕਿਲ ‘ਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਗਈ ਹੈ। ਇਕਵਾਡੋਰ ‘ਚ ਅਕਤੂਬਰ ਤੋਂ ਬਾਅਦ ਸਮੂਹਕ ਹਿੰਸਾ ਕਾਰਨ ਇਹ ਚੌਥੀ ਐਮਰਜੈਂਸੀ ਹੈ। ਨੈਸ਼ਨਲ ਰਿਸਕ ਐਂਡ ਐਮਰਜੈਂਸੀ ਮੈਨੇਜਮੈਂਟ ਸਰਵਿਸ ਅਨੁਸਾਰ ਐਤਵਾਰ ਤੜਕੇ ਹੋਏ ਧਮਾਕੇ ‘ਚ 8 ਘਰ ਅਤੇ 2 ਕਾਰਾਂ ਤਬਾਹ ਹੋ ਗਈਆਂ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਘਟਨਾ ਵਾਲੀ ਥਾਂ ਦੀਆਂ ਤਸਵੀਰਾਂ ‘ਚ ਟੁੱਟੇ ਘਰ ਅਤੇ ਕਾਰ ਦੀਆਂ ਖਿੜਕੀਆਂ ‘ਚ ਖੂਨ ਦਿਖਾਈ ਦੇ ਰਿਹਾ ਹੈ।