ਜ਼ਿੰਬਾਬਵੇ ‘ਚ ਖਸਰੇ ਨਾਲ ਪੀੜਤ 157 ਬੱਚਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਨ੍ਹਾਂ ਬੱਚਿਆਂ ਦੇ ਪਰਿਵਾਰਾਂ ਦੇ ਧਾਰਮਿਕ ਵਿਸ਼ਵਾਸਾਂ ਕਾਰਨ ਜ਼ਿਆਦਾਤਰ ਦਾ ਖਸਰੇ ਤੋਂ ਬਚਾਅ ਲਈ ਟੀਕਾਕਰਨ ਨਹੀਂ ਕਰਵਾਇਆ ਗਿਆ ਸੀ। ਖਸਰੇ ਦੀ ਇਨਫੈਕਸ਼ਨ ਪਹਿਲੀ ਵਾਰ ਅਪ੍ਰੈਲ ਦੀ ਸ਼ੁਰੂਆਤ ‘ਚ ਜ਼ਿੰਬਾਬਵੇ ਦੇ ਪੂਰਬੀ ਨਾਨਿਕਲੈਂਡ ਸੂਬੇ ‘ਚ ਸਾਹਮਣੇ ਆਈ ਸੀ ਅਤੇ ਉਸ ਤੋਂ ਬਾਅਦ ਤੋਂ ਇਹ ਦੇਸ਼ ਦੇ ਸਾਰੇ ਹਿੱਸਿਆਂ ‘ਚ ਫੈਲ ਚੁੱਕਿਆ ਹੈ। ਜ਼ਿੰਬਾਬਵੇ ਦੀ ਸੂਚਨਾ ਮੰਤਰੀ ਮੋਨਿਕਾ ਮੁਤਸਵੰਗਵਾ ਮੁਤਾਬਕ ਹੁਣ ਤੱਕ ਦੇਸ਼ ‘ਚ ਖਸਰੇ ਦੇ ਘਟੋ-ਘੱਟ 2056 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਜ਼ਿੰਬਾਬਵੇ ਦੀ ਕੈਬਨਿਟ ਨੇ ਖਸਰੇ ਦੀ ਇਨਫੈਕਸ਼ਨ ਨੂੰ ਰੋਕਣ ਲਈ ਇਕ ਕਾਨੂੰਨ ਲਾਗੂ ਕੀਤਾ ਹੈ। ਜ਼ਿੰਬਾਬਵੇ ਦੀ ਸਰਕਾਰ ਦਾ ਕਹਿਣਾ ਹੈ ਕਿ ਉਹ 6 ਮਹੀਨੇ ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਵੱਡੇ ਪੱਧਰ ‘ਤੇ ਟੀਕਾਕਰਨ ਮੁਹਿੰਮ ਸ਼ੁਰੂ ਕਰ ਰਹੀ ਹੈ ਅਤੇ ਇਸ ਵਾਰ ਮੁਹਿੰਮ ਦਾ ਸਮਰਥਨ ਕਰਨ ਲਈ ਧਾਰਮਿਕ ਨੇਤਾਵਾਂ ਨੂੰ ਇਸ ‘ਚ ਸ਼ਾਮਲ ਕਰ ਰਹੀ ਹੈ। ਖਸਰਾ ਦੁਨੀਆ ‘ਚ ਸਭ ਤੋਂ ਜ਼ਿਆਦਾ ਇਨਫੈਕਸ਼ਨ ਰੋਗਾਂ ”ਚੋਂ ਇਕ ਹੈ ਅਤੇ ਇਹ ਖੰਘਣ, ਛਿੱਕਣ ਜਾਂ ਨਜ਼ਦੀਕੀ ਸੰਪਰਕ ਨਾਲ ਹਵਾ ‘ਚ ਫੈਲਦਾ ਹੈ। ਇਸ ਦੇ ਲੱਛਣਾਂ ‘ਚ ਖੰਘ, ਬੁਖਾਰ ਅਤੇ ਚਮੜੀ ‘ਤੇ ਲਾਲ ਧੱਫੜ ਸ਼ਾਮਲ ਹਨ। ਟੀਕਾਕਰਨ ਨਾ ਕਰਵਾਉਣ ਵਾਲੇ ਬੱਚਿਆਂ ‘ਚ ਇਸ ਬੀਮਾਰੀ ਦੇ ਗੰਭੀਰ ਰੂਪ ਲੈਣ ਦਾ ਖਦਸ਼ਾ ਜ਼ਿਆਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਕਰੋਨਾ ਮਹਾਮਾਰੀ ਦੇ ਕਾਰਨ ਟੀਕਾਕਰਨ ਮੁਹਿੰਮ ਪ੍ਰਭਾਵਿਤ ਹੋਣ ਕਾਰਨ ਅਪ੍ਰੈਲ ‘ਚ ਕੁਝ ਦੇਸ਼ਾਂ ‘ਚ ਖਸਰੇ ਦੇ ਮਾਮਲਿਆਂ ‘ਚ ਵਾਧੇ ਦੀ ਚਿਤਾਵਨੀ ਦਿੱਤੀ ਸੀ।