ਇਹ ਗੱਲ ਹੁਣ ਤੈਅ ਹੋ ਗਈ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਦਾ ਅਗਲਾ ਪ੍ਰਧਾਨ ‘ਗ਼ੈਰ-ਗਾਂਧੀ’ ਹੀ ਬਣੇਗਾ। ਇਸ ਸਮੇਂ ਸੋਨੀਆ ਗਾਂਧੀ ਇਸ ਅਹੁਦੇ ‘ਤੇ ਬਿਰਾਜਮਾਨ ਹਨ ਜਦਕਿ ਰਾਹੁਲ ਗਾਂਧੀ ਵੀ ਪਹਿਲਾਂ ਪ੍ਰਧਾਨ ਰਹਿ ਚੁੱਕੇ ਹਨ। ਰਾਹੁਲ ਨੂੰ ਮੁੜ ਤੋਂ ਪ੍ਰਧਾਨ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸਨ ਪਰ ਖੁਦ ਰਾਹੁਲ ਗਾਂਧੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਦਾ ਅਗਲਾ ਪ੍ਰਧਾਨ ਗਾਂਧੀ ਪਰਿਵਾਰ ‘ਚੋਂ ਨਹੀਂ ਹੋਵੇਗਾ। ਇਸ ਨਾਲ ਹੁਣ ਢਾਈ ਦਹਾਕੇ ਬਾਅਦ ਗਾਂਧੀ ਪਰਿਵਾਰ ਤੋਂ ਬਾਹਰਲੇ ਕਾਂਗਰਸੀ ਆਗੂ ਦਾ ਪਾਰਟੀ ਪ੍ਰਧਾਨ ਬਣਨਾ ਤੈਅ ਹੋ ਗਿਆ ਹੈ। ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਸਾਫ਼ ਕਰ ਦਿੱਤਾ ਕਿ ਗਾਂਧੀ ਪਰਿਵਾਰ ਵਿੱਚੋਂ ਕੋਈ ਵੀ ਪਾਰਟੀ ਪ੍ਰਧਾਨ ਦੀ ਚੋਣ ਨਹੀਂ ਲੜੇਗਾ। ਇਹੀ ਨਹੀਂ ਰਾਹੁਲ ਨੇ ਗਹਿਲੋਤ ਨੂੰ ‘ਇਕ ਵਿਅਕਤੀ ਇਕ ਅਹੁਦਾ’ ਨੇਮ ਦਾ ਸਤਿਕਾਰ ਬਣਾਈ ਰੱਖਣ ਲਈ ਵੀ ਕਿਹਾ। ਰਾਹੁਲ ਦੇ ਇਸ ਬਿਆਨ ਤੋਂ ਇਕ ਗੱਲ ਤਾਂ ਸਾਫ਼ ਹੈ ਕਿ ਪਿਛਲੇ 25 ਸਾਲਾਂ ‘ਚ ਪਹਿਲੀ ਵਾਰ ਕਾਂਗਰਸ ਦਾ ਪ੍ਰਧਾਨ ਕੋਈ ‘ਗ਼ੈਰ-ਗਾਂਧੀ’ ਬਣੇਗਾ। ਉਧਰ ਗਹਿਲੋਤ ਨੇ ਦਾਅਵਾ ਕੀਤਾ ਕਿ ਉਹ ਯਕੀਨੀ ਤੌਰ ‘ਤੇ ਪ੍ਰਧਾਨਗੀ ਦੇ ਅਹੁਦੇ ਲਈ ਚੋਣ ਲੜਨਗੇ। ਕੋਚੀ ਤੋਂ ਸ਼ਿਰਡੀ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਹਿਲੋਤ ਨੇ ਕਿਹਾ ਕਿ ਉਹ 26 ਸਤੰਬਰ ਤੋਂ ਬਾਅਦ ਕਦੇ ਵੀ ਨਵੀਂ ਦਿੱਲੀ ਜਾ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਹਨ। ਉਂਜ ਕਾਂਗਰਸ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀਆਂ ਦਾ ਅਮਲ ਸ਼ਨਿਚਰਵਾਰ ਤੋਂ ਸ਼ੁਰੂ ਹੋ ਗਿਆ। ਗਹਿਲੋਤ ਨੇ ਕਿਹਾ, ‘ਰਾਹੁਲ ਗਾਂਧੀ ਨੇ ਮੈਨੂੰ ਦੱਸਿਆ ਕਿ ਨਾ ਉਹ ਖੁ਼ਦ ਤੇ ਨਾ ਹੀ ਗਾਂਧੀ ਪਰਿਵਾਰ ਦਾ ਕੋਈ ਹੋਰ ਮੈਂਬਰ ਕਾਂਗਰਸ ਪ੍ਰਧਾਨ ਦੀ ਚੋਣ ਲੜੇਗਾ।’ ਉਨ੍ਹਾਂ ਕਿਸੇ ‘ਗ਼ੈਰ-ਗਾਂਧੀ’ ਨੂੰ ਕਾਂਗਰਸ ਪ੍ਰਧਾਨ ਬਣਾਉਣ ਦੀ ਵਕਾਲਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ, ‘ਰਾਹੁਲ ਗਾਂਧੀ ਨੇ 2019 ‘ਚ ਕਾਂਗਰਸ ਵਰਕਿੰਗ ਕਮੇਟੀ ਨੂੰ ਦੱਸਿਆ ਸੀ ਕਿ ਉਹ ਬਿਨਾਂ ਕਿਸੇ ਅਹੁਦੇ ਤੋਂ ਕੰਮ ਕਰਨਗੇ। ਉਹ ਪਾਰਟੀ ਦੇ ਕਹੇ ਮੁਤਾਬਕ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ ਅੱਜ ਵੀ ਆਪਣੀ ਉਸ ਗੱਲ ‘ਤੇ ਕਾਇਮ ਹਨ ਤੇ ਆਪਣੀ ਪੂਰੀ ਤਾਕਤ ਨਾਲ ਕਾਂਗਰਸ ਲਈ ਕੰਮ ਕਰਨਗੇ। ਮੈਂ ਚੋਣ ਲੜ ਰਿਹਾ ਹਾਂ ਤੇ ਇਹ ਪੱਕਾ ਹੈ।’ ਸੀਤਾਰਾਮ ਕੇਸਰੀ ਆਖਰੀ ‘ਗੈਰ-ਗਾਂਧੀ’ ਕਾਂਗਰਸੀ ਪ੍ਰਧਾਨ ਸਨ, ਜਿਨ੍ਹਾਂ 1997 ‘ਚ ਸ਼ਰਦ ਪਵਾਰ ਤੇ ਰਾਜੇਸ਼ ਪਾਇਲਟ ਨੂੰ ਹਰਾਇਆ ਸੀ। ਕਾਂਗਰਸ ਵਰਕਿੰਗ ਕਮੇਟੀ ‘ਚ ਪੇਸ਼ ਮਤੇ ਰਾਹੀਂ ਕੇਸਰੀ ਨੂੰ ਲਾਂਭੇ ਕਰਕੇ ਸੋਨੀਆ ਗਾਂਧੀ ਨੂੰ ਪ੍ਰਧਾਨਗੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ। ਸੋਨੀਆ ਗਾਂਧੀ 1998 ‘ਚ ਰਸਮੀ ਤੌਰ ‘ਤੇ ਕਾਂਗਰਸ ਪ੍ਰਧਾਨ ਚੁਣੇ ਗਏ ਤੇ ਇਸ ਅਹੁਦੇ ‘ਤੇ ਸਭ ਤੋਂ ਲੰਮਾ ਸਮੇਂ ਰਹੇ। ਸਾਲ 2017-2019 ਦੇ ਅਰਸੇ ਦੌਰਾਨ ਰਾਹੁਲ ਗਾਂਧੀ ਵੱਲੋਂ ਅਹੁਦਾ ਸੰਭਾਲੇ ਜਾਣ ਮੌਕੇ ਸੋਨੀਆ ਗਾਂਧੀ ਨੇ ਥੋੜ੍ਹੇ ਸਮੇਂ ਲਈ ਬ੍ਰੇਕ ਲਈ। ਰਾਹੁਲ ਗਾਂਧੀ ਦੇ ਅਸਤੀਫ਼ੇ ਮਗਰੋਂ ਸੋਨੀਆ ਗਾਂਧੀ ਨੇ ਅੰਤਰਿਮ ਪ੍ਰਧਾਨ ਵਜੋਂ ਵਾਪਸੀ ਕੀਤੀ। ਨਾਮਜ਼ਦਗੀਆਂ ਦਾ 24 ਸਤੰਬਰ ਤੋਂ ਸ਼ੁਰੂ ਹੋਇਆ ਅਮਲ 30 ਸਤੰਬਰ ਤੱਕ ਜਾਰੀ ਰਹੇਗਾ। ਨਾਮ ਵਾਪਸ ਲੈਣ ਦੀ ਆਖਰੀ ਮਿਤੀ 8 ਅਕਤੂਬਰ ਹੈ ਜਦੋਂਕਿ ਵੋਟਾਂ 17 ਅਕਤੂਬਰ ਨੂੰ ਪੈਣਗੀਆਂ ਤੇ ਨਤੀਜੇ 19 ਅਕਤੂਬਰ ਨੂੰ ਐਲਾਨੇ ਜਾਣਗੇ। ਉਧਰ ਕਾਂਗਰਸ ਦੀ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ 26 ਸਤੰਬਰ ਨੂੰ ਦਿੱਲੀ ਤੋਂ ਬਾਹਰ ਹੋਣਗੇ ਤੇ ਉਨ੍ਹਾਂ ਗਹਿਲੋਤ ਤੇ ਇਕ ਹੋਰ ਉਮੀਦਵਾਰ ਸ਼ਸ਼ੀ ਥਰੂਰ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ।