ਭਿਆਨਕ ਹੜ੍ਹਾਂ ਦੀ ਮਾਰ ਹੇਠ ਆਏ ਲੱਖਾਂ ਪਾਕਿਸਤਾਨੀ ਜਿੱਥੇ ਸਰਕਾਰੀ ਮਦਦ ਉਡੀਕ ਰਹੇ ਹਨ, ਉਥੇ ਬਲੋਚਿਸਤਾਨ ਦੇ ਇਕ ਛੋਟੇ ਜਿਹੇ ਪਿੰਡ ‘ਚ ਇਕ ਹਿੰਦੂ ਮੰਦਰ ਆਸ ਦੀ ਕਿਰਨ ਬਣ ਕੇ ਉੱਭਰਿਆ ਹੈ। ਇਥੇ ਹੜ੍ਹ ਪ੍ਰਭਾਵਿਤ 200-300 ਲੋਕਾਂ ਨੂੰ ਭੋਜਨ ਤੇ ਆਸਰਾ ਦਿੱਤਾ ਜਾ ਰਿਹਾ ਹੈ। ਇਨ੍ਹਾਂ ਲੋਕਾਂ ‘ਚ ਜ਼ਿਆਦਾਤਰ ਮੁਸਲਮਾਨ ਹਨ। ਕਛੀ ਜ਼ਿਲ੍ਹੇ ਦੇ ਜਲਾਲ ਖਾਨ ਪਿੰਡ ‘ਚ ਬਾਬਾ ਮਾਧੋਦਾਸ ਦਾ ਮੰਦਰ ਉੱਚੀ ਥਾਂ ‘ਤੇ ਸਥਿਤ ਹੈ। ਇਸ ਕਾਰਨ ਇਹ ਹੜ੍ਹ ਦੇ ਪਾਣੀ ਤੋਂ ਸੁਰੱਖਿਅਤ ਹੈ ਤੇ ਲੋਕਾਂ ਨੂੰ ਇਥੇ ਆਸਰਾ ਮਿਲਿਆ ਹੈ। ਬੋਲਾਨ, ਲਹਿਰੀ ਤੇ ਹੋਰ ਨਦੀਆਂ ‘ਚ ਆਏ ਹੜ੍ਹ ਕਾਰਨ ਇਹ ਪਿੰਡ ਬਾਕੀ ਸੂਬੇ ਨਾਲੋਂ ਕੱਟਿਆ ਹੋਇਆ ਹੈ। ਦੂਰ-ਦਰਾਜ ਦੇ ਇਸ ਇਲਾਕੇ ਦੇ ਲੋਕਾਂ ਨੂੰ ਉਨ੍ਹਾਂ ਦੇ ਹਾਲ ‘ਤੇ ਛੱਡ ਦਿੱਤਾ ਗਿਆ ਹੈ। ਹਾਲਾਂਕਿ ਸਥਾਨਕ ਹਿੰਦੂ ਭਾਈਚਾਰੇ ਨੇ ਮੰਦਰ ਦੇ ਦਰਵਾਜ਼ੇ ਉਨ੍ਹਾਂ ਲਈ ਖੋਲ੍ਹ ਦਿੱਤੇ ਹਨ। ‘ਡਾਅਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਲੋਕਾਂ ਦੇ ਪਸ਼ੂ ਵੀ ਉਨ੍ਹਾਂ ਦੇ ਨਾਲ ਹਨ। ਸਥਾਨਕ ਲੋਕਾਂ ਮੁਤਾਬਕ ਬਾਬਾ ਮਾਧੋਦਾਸ ਵੰਡ ਤੋਂ ਪਹਿਲਾਂ ਦੇ ਹਿੰਦੂ ਸੰਤ ਸਨ ਜਿਨ੍ਹਾਂ ਨੂੰ ਇਲਾਕੇ ਦੇ ਹਿੰਦੂ ਤੇ ਮੁਸਲਮਾਨ ਬਰਾਬਰ ਮਾਨਤਾ ਦਿੰਦੇ ਸਨ। ਇਲਾਕਾ ਵਾਸੀ ਇਲਤਾਫ਼ ਬਜ਼ਦਰ ਨੇ ਦੱਸਿਆ, ‘ਉਹ ਊਠ ਉਤੇ ਸਫ਼ਰ ਕਰਦੇ ਸਨ ਤੇ ਪਿੰਡ ਵੱਲ ਆਉਂਦੇ ਸਨ’। ਉਨ੍ਹਾਂ ਧਰਮ ਦੀਆਂ ਬੰਦਿਸ਼ਾਂ ਤੋੜ ਦਿੱਤੀਆਂ ਸਨ ਤੇ ਉਹ ਜਾਤਾਂ-ਧਰਮਾਂ ਤੋਂ ‘ਤੇ ਉੱਠ ਸਾਰਿਆਂ ਨੂੰ ਬਸ ਮਨੁੱਖਤਾ ਦੇ ਚਸ਼ਮੇ ਵਿੱਚੋਂ ਦੇਖਦੇ ਸਨ।