ਕੈਨੇਡੀਅਨ ਸਿੱਖਾਂ ਨੇ ਬਰੈਂਪਟਨ ਵਿਖੇ ਖਾਲਿਸਤਾਨ ਦੀ ਰਾਏਸ਼ੁਮਾਰੀ ਲਈ ਵੋਟਿੰਗ ‘ਚ ਹਿੱਸਾ ਲਿਆ ਜਿਸ ‘ਚ ਖਾਲਿਸਤਾਨ ਦੇ ਸੁਤੰਤਰ ਰਾਜ ਦੀ ਮੰਗ ਕੀਤੀ ਗਈ। ਇਕ ਅੰਦਾਜ਼ੇ ਮੁਤਾਬਕ ਇਕ ਲੱਖ ਤੋਂ ਵਧੇਰੇ ਲੋਕਾਂ ਨੇ ਇਸ ਰਾਏਸ਼ੁਮਾਰੀ ‘ਚ ਹਿੱਸਾ ਲਿਆ। ਇਸ ਵੋਟਿੰਗ ਦੀ ਦੇਖਭਾਲ ਕਰਨ ਵਾਲੀ ਏਜੰਸੀ ਨੇ ਕਿਹਾ ਕਿ ਉਹ ਜਲਦੀ ਹੀ ਹੋਰ ਵੋਟਿੰਗ ਸਥਾਨ ਸਥਾਪਤ ਕਰਨਗੇ। ਇਸ ਭਾਰੀ ਵੋਟਿੰਗ ਨੂੰ ਦੇਖ ਕੇ ਸਮਰਥਕ ਅਤੇ ਐਂਟੀ ਰੈਫਰੈਂਡਮ ਲੋਕ ਹੈਰਾਨ ਹਨ। ਖਾਲਿਸਤਾਨ ਪੱਖੀ ਐਡਵੋਕੇਸੀ ਗਰੁੱਪ ਸਿੱਖਸ ਫਾਰ ਜਸਟਿਸ ਦੁਆਰਾ ਆਯੋਜਿਤ ਵੋਟਿੰਗ ਦੀ ਸ਼ੁਰੂਆਤ ਇਕ ਧਾਰਮਿਕ ਆਗੂ ਭਾਈ ਦਲਜੀਤ ਸਿੰਘ ਸੇਖੋਂ ਦੀ ਅਗਵਾਈ ‘ਚ ਇਕ ਵਿਸ਼ੇਸ਼ ਅਰਦਾਸ ਨਾਲ ਸ਼ੁਰੂ ਹੋਈ, ਜੋ ਭਾਈ ਹਰਜਿੰਦਰ ਸਿੰਘ ਪਾਰ੍ਹਾ ਦੇ ਨਜ਼ਦੀਕੀ ਸਾਥੀ ਸਨ। ਉਨ੍ਹਾਂ ਦੇ ਨਾਮ ‘ਤੇ ਵੋਟਿੰਗ ਕੇਂਦਰ ਸਮਰਪਿਤ ਸੀ। ਸ਼ਾਮ 5 ਵਜੇ ਤੱਕ ਹਜ਼ਾਰਾਂ ਲੋਕ ਵੋਟ ਪਾਉਣ ਤੋਂ ਅਸਮਰੱਥ ਹੋ ਗਏ ਜਦੋਂ ਕਿ ਦਿਨ ਦੇ ਅੰਤ ‘ਤੇ ਕਈ ਕਿਲੋਮੀਟਰ ਤੱਕ ਕਤਾਰਾਂ ਲੱਗ ਗਈਆਂ। ਪਹਿਲਾ ਵੋਟ ਸਵੇਰੇ 9 ਵਜੇ ਪਿਆ ਪਰ ਹਜ਼ਾਰਾਂ ਕੈਨੇਡੀਅਨ ਸਿੱਖ ਵੋਟਾਂ ਪਾਉਣ ਲਈ ਸਵੇਰੇ 7 ਵਜੇ ਤੋਂ ਹੀ ਲਾਈਨਾਂ ‘ਚ ਖੜ੍ਹੇ ਸਨ। ਵੱਡੀ ਗਿਣਤੀ ‘ਚ ਔਰਤਾਂ ਅਤੇ ਬਜ਼ੁਰਗ ਖਾਲਿਸਤਾਨ ਦੇ ਹੱਕ ‘ਚ ਆਪਣੀ ਵੋਟ ਪਾਉਣ ਲਈ ਲੰਬੀਆਂ ਕਤਾਰਾਂ ‘ਚ ਖੜ੍ਹੇ ਸਨ। ਦੁਪਹਿਰ ਤੱਕ ਕਤਾਰ ਗੋਰ ਮੀਡੋ ਕਮਿਊਨਿਟੀ ਸੈਂਟਰ ਬਰੈਂਪਟਨ ਤੋਂ ਨਜ਼ਦੀਕੀ ਹਾਈਵੇਅ ਤੱਕ ਲਗਭਗ ਪੰਜ ਕਿਲੋਮੀਟਰ ਤੱਕ ਫੈਲ ਗਈ ਸੀ। ਵੋਟਿੰਗ ਕੇਂਦਰ ਵੱਲ ਆਉਣ ਵਾਲੇ ਲੋਕਾਂ ‘ਤੇ ਟ੍ਰੈਫਿਕ ਦਾ ਇੰਨਾ ਜ਼ਿਆਦਾ ਦਬਾਅ ਸੀ ਕਿ ਓਂਟਾਰੀਓ ਪੁਲੀਸ ਨੇ ਹਾਈਵੇਅ ਨੂੰ ਹਰ ਤਰ੍ਹਾਂ ਦੀ ਆਵਾਜਾਈ ਲਈ ਤਿੰਨ ਘੰਟਿਆਂ ਲਈ ਬੰਦ ਕਰ ਦਿੱਤਾ ਤਾਂ ਜੋ ਹੋਰ ਸਿੱਖਾਂ ਨੂੰ ਆਪਣੀਆਂ ਕਾਰਾਂ ‘ਚ ਸਥਾਨ ‘ਤੇ ਪਹੁੰਚਣ ਦੀ ਕੋਸ਼ਿਸ਼ ਕਰਨ ਤੋਂ ਰੋਕਿਆ ਜਾ ਸਕੇ। ਸਿੱਖਸ ਫਾਰ ਜਸਟਿਸ ਦੇ ਪ੍ਰਬੰਧਕਾਂ ਦੇ ਨਾਲ-ਨਾਲ ਸਥਾਨਕ ਅਬਜ਼ਰਵਰਾਂ ਨੇ ਅੰਦਾਜ਼ਾ ਲਗਾਇਆ ਕਿ ਭਾਗੀਦਾਰਾਂ ਦੀ ਕੁੱਲ ਸੰਖਿਆ ਇਕ ਲੱਖ ਤੋਂ ਵੱਧ ਹੋਵੇਗੀ। ਕੰਜ਼ਰਵੇਟਿਵ ਪਾਰਟੀ ਲਈ ਨਿਆਗਰਾ ਵੈਸਟ ਤੋਂ ਕੈਨੇਡਾ ਦੇ ਸੰਸਦ ਮੈਂਬਰ ਡੀਨ ਐਲੀਸਨ ਨੇ ਮਿਡ-ਡੇਅ ‘ਤੇ ਇਕ ਟਵੀਟ ‘ਚ ਕਿਹਾ ਕਿ ਬਰੈਂਪਟਨ ‘ਚ ਗੋਰ ਮੀਡੋਜ਼ ਕਮਿਊਨਿਟੀ ਸੈਂਟਰ ‘ਚ ਸ਼ਾਨਦਾਰ ਵੋਟਿੰਗ, ਜਿੱਥੇ ਸਿੱਖ ਕੌਮ ਆਪਣੇ ਸਵੈ-ਨਿਰਣੇ ਦੇ ਅਧਿਕਾਰ ਲਈ ਵੋਟ ਕਰ ਰਹੀ ਹੈ। 50,000 ਤੋਂ ਵੱਧ ਵੋਟਾਂ ਅਤੇ ਲਾਈਨਾਂ ਅਜੇ ਵੀ ਵਧ ਰਹੀਆਂ ਹਨ।