ਕੌਮਾਂਤਰੀ ਵਿਦਿਆਰਥੀਆਂ ਸਮੇਤ ਹਰ ਤਰ੍ਹਾਂ ਦੇ ਵੀਜ਼ਾ ਲਈ ਲੱਖਾਂ ਅਰਜ਼ੀਆਂ ਕੈਨੇਡਾ ਇਮੀਗ੍ਰੇਸ਼ਨ ਕੋਲ ਬਕਾਇਆ ਹਨ। ਇਸੇ ਕਾਰਨ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਇਮੀਗ੍ਰੇਸ਼ਨ ਬੈਕਲਾਗ ‘ਚ ਫਸਿਆ ਦਿਖਾਈ ਦੇ ਰਿਹਾ ਹੈ। ਇਕ ਹੋਰ ਅਕਾਦਮਿਕ ਸਾਲ ਦੀ ਸ਼ੁਰੂਆਤ ਦੇ ਨਜ਼ਦੀਕ ਇਹ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀ ਪਤਾ ਲਗਾਉਣ ਲਈ ਉਡੀਕ ਕਰ ਰਹੇ ਹਨ ਕਿ ਕੀ ਉਹ ਵਿਅਕਤੀਗਤ ਕਲਾਸਾਂ ਲਈ ਸਮੇਂ ਸਿਰ ਕੈਨੇਡਾ ‘ਚ ਦਾਖਲ ਹੋ ਸਕਣਗੇ ਜਾਂ ਨਹੀਂ। ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਤਾਜ਼ਾ ਅੰਕੜਿਆਂ ਅਨੁਸਾਰ, ਲਗਭਗ 1,69,000 ਵਿਦਿਆਰਥੀ 15 ਅਗਸਤ ਤੱਕ ਆਪਣੇ ਸਟੱਡੀ ਪਰਮਿਟ ਲਈ ਕੈਨੇਡੀਅਨ ਪ੍ਰਵਾਨਗੀ ਦੀ ਉਡੀਕ ਕਰ ਰਹੇ ਹਨ। ਇਹ ਅਸਪਸ਼ਟ ਹੈ ਕਿ ਉਨ੍ਹਾਂ ਵਿੱਚੋਂ ਕਿੰਨੇ ਬਿਨੈਕਾਰ ਅਗਲੇ ਮਹੀਨੇ ਕਲਾਸਾਂ ਸ਼ੁਰੂ ਕਰਨ ਵਾਲੇ ਸਨ। ਫੈਡਰਲ ਅੰਕੜੇ ਦਰਸਾਉਂਦੇ ਹਨ ਕਿ ਜੁਲਾਈ ਦੇ ਅੰਤ ਤੱਕ ਬਕਾਇਆ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਅਰਜ਼ੀਆਂ ਵਿੱਚੋਂ 34 ਫ਼ੀਸਦੀ ਸਰਕਾਰੀ ਮਾਪਦੰਡਾਂ ਦੇ ਨਿਰਧਾਰਨ ਨਾਲੋਂ ਪ੍ਰਕਿਰਿਆ ‘ਚ ਜ਼ਿਆਦਾ ਸਮਾਂ ਲੈ ਰਹੀਆਂ ਸਨ। ਯੂ.ਬੀ.ਸੀ. ਦੇ ਬੁਲਾਰੇ ਮੈਥਿਊ ਰਾਮਸੇ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ‘ਚ ਅਗਸਤ ਤੱਕ 4000 ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ ਲਗਭਗ 500 ਨੇ ਸੰਕੇਤ ਦਿੱਤਾ ਸੀ ਕਿ ਉਹ ਵੀਜ਼ਾ ਪ੍ਰੋਸੈਸਿੰਗ ‘ਚ ਦੇਰੀ ਦਾ ਅਨੁਭਵ ਕਰ ਰਹੇ ਸਨ, ਪਰ ਇਹ ਗਿਣਤੀ ਵੱਧ ਹੋ ਸਕਦੀ ਹੈ। ਟੋਰਾਂਟੋ ਯੂਨੀਵਰਸਿਟੀ, ਜੋ ਕਿ ਇਸ ਪਤਝੜ ‘ਚ ਜ਼ਿਆਦਾਤਰ ਵਿਅਕਤੀਗਤ ਕਲਾਸਾਂ ਲਈ ਤਿਆਰੀ ਕਰ ਰਹੀ ਹੈ, ਉਨ੍ਹਾਂ ਸਾਰੇ ਯੋਗ ਵਿਦਿਆਰਥੀਆਂ ਨੂੰ ਵੀ ਮੁਲਤਵੀ ਕਰ ਰਹੀ ਹੈ ਜੋ ਸਟੱਡੀ ਪਰਮਿਟ ‘ਚ ਦੇਰੀ ਕਾਰਨ ਕੈਨੇਡਾ ਪਹੁੰਚਣ ਦੇ ਯੋਗ ਨਹੀਂ ਹਨ। ਮੈਨੀਟੋਬਾ ਯੂਨੀਵਰਸਿਟੀ ਨੇ ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰਾਂ ਨਾਲ ਪ੍ਰੋਸੈਸਿੰਗ ਦੇ ਸਮੇਂ ਅਤੇ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੇ ਮੌਜੂਦਾ ਬੈਕਲਾਗ ਨੂੰ ਖਤਮ ਕਰਨ ਬਾਰੇ ਚਿੰਤਾਵਾਂ ਵੀ ਉਠਾਈਆਂ ਹਨ। ਇਸ ਸਾਲ ਹੁਣ ਤੱਕ ਆਈ.ਆਰ.ਸੀ.ਸੀ. ਨੇ ਲਗਭਗ 3,60,000 ਸਟੱਡੀ ਵੀਜ਼ਿਆਂ ਦੀ ਪ੍ਰਕਿਰਿਆ ਕੀਤੀ ਹੈ, ਜੋ ਕਿ 2021 ਦੀ ਇਸੇ ਮਿਆਦ ਦੇ ਮੁਕਾਬਲੇ 17 ਫ਼ੀਸਦੀ ਵੱਧ ਹੈ। ਵਾਟਰਲੂ ਯੂਨੀਵਰਸਿਟੀ ਨੇ ਕਿਹਾ ਕਿ ਯੂਨੀਵਰਸਿਟੀ ਦੇ ਬਹੁਤ ਸਾਰੇ ਇੰਸਟ੍ਰਕਟਰ ਉਨ੍ਹਾਂ ਵਿਦਿਆਰਥੀਆਂ ਲਈ ਇਕ ਰਿਮੋਟ ਵਿਕਲਪ ਉਪਲਬਧ ਕਰਾਉਣਗੇ ਜੋ ਵੀਜ਼ਾ ਦੇਰੀ ਕਾਰਨ ਮਿਆਦ ਦੇ ਸ਼ੁਰੂ ‘ਚ ਕੈਨੇਡਾ ਨਹੀਂ ਪਹੁੰਚ ਸਕਦੇ ਹਨ। ਕਿਸੇ ਵੀ ਅੰਤਰਰਾਸ਼ਟਰੀ ਵਿਦਿਆਰਥੀ ਲਈ ਜੋ ਆਪਣਾ ਦਾਖਲਾ ਮੁਲਤਵੀ ਕਰਨਾ ਚਾਹੁੰਦਾ ਹੈ, ਸਮਾਂ ਸੀਮਾ ਸਤੰਬਰ 27, 2022 ਤੱਕ ਵਧਾ ਦਿੱਤੀ ਹੈ, ਪਿਛਲੀ ਸਮਾਂ ਸੀਮਾ 31 ਅਗਸਤ ਸੀ। ਫੈਡਰਲ ਪੱਧਰ ‘ਤੇ, ਵਿਦੇਸ਼ਾਂ ਤੋਂ ਆਨਲਾਈਨ ਪੜ੍ਹ ਰਹੇ ਅੰਤਰਰਾਸ਼ਟਰੀ ਵਿਦਿਆਰਥੀ ਜਾਂ ਜੋ 31 ਅਗਸਤ 2022 ਤੋਂ ਬਾਅਦ ਸਟੱਡੀ ਪਰਮਿਟ ਦੀ ਅਰਜ਼ੀ ਜਮ੍ਹਾਂ ਕਰਦੇ ਹਨ, ਆਪਣੇ ਪੋਸਟ-ਗ੍ਰੈਜੂਏਸ਼ਨ ਕੰਮ ਨੂੰ ਪ੍ਰਭਾਵਿਤ ਕੀਤੇ ਬਿਨਾਂ ਆਪਣੇ ਪ੍ਰੋਗਰਾਮ ਦਾ 100 ਪ੍ਰਤੀਸ਼ਤ ਤੱਕ ਆਨਲਾਈਨ ਪੂਰਾ ਕਰਨ ਦੇ ਯੋਗ ਰਹਿਣਗੇ। ਵੱਡੇ ਬੈਕਲਾਗ ਨੂੰ ਹੱਲ ਕਰਨ ਲਈ ਆਈ.ਆਰ.ਸੀ.ਸੀ. 1250 ਨਵੇਂ ਕਰਮਚਾਰੀਆਂ ਨੂੰ ਪਤਝੜ ਦੇ ਅੰਤ ਤੱਕ ਬੋਰਡ ‘ਤੇ ਲਿਆਉਣ ਲਈ ਭਰਤੀ ਦੀ ਮੁਹਿੰਮ ਚਲਾ ਰਿਹਾ ਹੈ। ਵਿਦਿਆਰਥੀਆਂ ਤੋਂ ਇਲਾਵਾ ਪੀ.ਆਰ. ਲੈਣ ਵਾਲਿਆਂ ਦੀ ਗਿਣਤੀ ਵੀ ਬਹੁਤ ਵੱਡੀ ਹੈ ਜਿਹੜੇ ਬੈਕਲਾਗ ਕਰਕੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ।