ਇੰਡੀਆ ਦੇ ਹੈਵੀਵੇਟ ਲਿਫਟਰ ਵਿਕਾਸ ਠਾਕੁਰ ਨੇ 96 ਕਿਲੋਗ੍ਰਾਮ ਵਰਗ ’ਚ ਚਾਂਦੀ ਦੇ ਤਗ਼ਮਾ ਨਾਲ ਰਾਸ਼ਟਰਮੰਡਲ ਖੇਡਾਂ ਦਾ ਇਕ ਹੋਰ ਤਮਗਾ ਆਪਣੇ ਨਾਂ ਕਰ ਲਿਆ। ਤਜਰਬੇਕਾਰ ਠਾਕੁਰ ਨੇ ਕੁਲ 346 ਕਿਲੋਗ੍ਰਾਮ (155 ਅਤੇ 191 ਕਿਲੋਗ੍ਰਾਮ) ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ ਅਤੇ ਇਸ ਦੌਰਾਨ ਆਪਣੀਆਂ ਲਗਾਤਾਰ ਤੀਜੀਆਂ ਰਾਸ਼ਟਰਮੰਡਲ ਖੇਡਾਂ ’ਚ ਤਗ਼ਮਾ ਜਿੱਤਿਆ। ਠਾਕੁਰ ਦਾ ਰਾਸ਼ਟਰਮੰਡਲ ਖੇਡਾਂ ’ਚ ਇਹ ਦੂਜਾ ਚਾਂਦੀ ਦਾ ਤਗ਼ਮਾ ਹੈ। ਇਸ ਤੋਂ ਪਹਿਲਾਂ ਉਹ 2014 ਗਲਾਸਗੋ ਖੇਡਾਂ ’ਚ ਵੀ ਦੂਜੇ ਸਥਾਨ ’ਤੇ ਰਿਹਾ ਸੀ ਜਦਕਿ ਗੋਲਡ ਕੋਸਟ ’ਚ 2018 ’ਚ ਉਸ ਨੇ ਕਾਂਸੀ ਤਗ਼ਮਾ ਜਿੱਤਿਆ ਸੀ। ਸਮੋਆ ਦੇ ਡੌਨ ਓਪੇਲੋਗੇ ਨੇ ਕੁਲ 381 ਕਿਲੋਗ੍ਰਾਮ (171 ਤੇ 210 ਕਿਲੋਗ੍ਰਾਮ) ਭਾਰ ਚੁੱਕ ਕੇ ਰਿਕਾਰਡਤੋਡ਼ ਪ੍ਰਦਰਸ਼ਨ ਨਾਲ ਸੋਨ ਤਗ਼ਮਾ ਜਿੱਤਿਆ ਅਤੇ ਆਪਣੇ 2018 ਦੇ ਪ੍ਰਦਰਸ਼ਨ ’ਚ ਸੁਧਾਰ ਕੀਤਾ, ਜਿੱਥੇ ਉਸ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਫਿਜੀ ਦੇ ਟੈਨੀਏਲਾ ਟੁਈਸੁਵਾ ਰੇਨੀਬੋਗੀ ਨੇ ਕੁਲ 343 ਕਿਲੋਗ੍ਰਾਮ (155 ਅਤੇ 188 ਕਿਲੋਗ੍ਰਾਮ) ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਆਪਣੇ ਨਾਂ ਕੀਤਾ।