ਕਪਤਾਨ ਹਰਮਨਪ੍ਰੀਤ ਕੌਰ ਅਤੇ ਪੂਜਾ ਵਸਤਰਾਕਰ ਦੇ ਹਰਫਨਮੌਲਾ ਪ੍ਰਦਰਸ਼ਨ ਸਦਕਾ ਭਾਰਤੀ ਮਹਿਲਾ ਟੀਮ ਨੇ ਸ੍ਰੀਲੰਕਾ ਨੂੰ ਤੀਜੇ ਤੇ ਆਖਰੀ ਇਕ ਦਿਨਾਂ ਮੈਚ ’ਚ 39 ਦੌਡ਼ਾਂ ਨਾਲ ਮਾਤ ਦਿੰਦਿਆਂ ਲਡ਼ੀ 3-0 ਨਾਲ ਜਿੱਤ ਲਈ ਹੈ। ਹਰਮਨਪ੍ਰੀਤ ਕੌਰ ਨੇ ਬੱਲੇਬਾਜ਼ੀ ਕਰਦਿਆਂ 75 ਦੌਡ਼ਾਂ ਬਣਾਈਆਂ ਅਤੇ ਗੇਂਦਬਾਜ਼ੀ ਕਰਦਿਆਂ ਇਕ ਵਿਕਟ ਹਾਸਲ ਕੀਤੀ ਜਦਕਿ ਪੂਜਾ ਵਸਤਰਾਕਰ ਨੇ ਨਾਬਾਦ 56 ਦੌਡ਼ਾਂ ਬਣਾਈਆਂ ਤੇ ਦੋ ਵਿਕਟਾਂ ਵੀ ਲਈਆਂ। ਦੋਵਾਂ ਨੇ ਸੱਤਵੀਂ ਵਿਕਟ ਲਈ 97 ਦੌਡ਼ਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਨੇ 50 ਓਵਰਾਂ ’ਚ 9 ਵਿਕਟਾਂ ਗੁਆ 255 ਦੌਡ਼ਾਂ ਬਣਾਈਆਂ। ਕੁੱਲ ਸਕੋਰ ’ਚ ਸ਼ੈਫਾਲੀ ਵਰਮਾ ਨੇ 49 ਦੌਡ਼ਾਂ ਦਾ ਯੋਗਦਾਨ ਪਾਇਆ। ਬਾਅਦ ’ਚ ਭਾਰਤੀ ਮਹਿਲਾ ਗੇਂਦਬਾਜ਼ਾਂ ਨੇ ਜਿੱਤ ਲਈ 256 ਦੌਡ਼ਾਂ ਦਾ ਟੀਚਾ ਹਾਸਲ ਕਰਨ ਉੱਤਰੀ ਸ੍ਰੀਲੰਕਾ ਟੀਮ ਨੂੰ 47.3 ਓਵਰਾਂ ’ਚ 216 ਦੌਡ਼ਾਂ ’ਤੇ ਹੀ ਆਊਟ ਕਰ ਦਿੱਤਾ ਜਿਸ ’ਚ ਹਰਮਨਪ੍ਰੀਤ ਅਤੇ ਪੂਜਾ ਵਸਤਰਾਕਰ ਨੇ ਅਹਿਮ ਭੂਮਿਕਾ ਨਿਭਾਈ। ਗੇਂਦਬਾਜ਼ ਰਾਜੇਸ਼ਵਰੀ ਗਾਇਕਵਾਡ਼ ਨੇ ਤਿੰਨ ਅਤੇ ਮੇਘਨਾ ਸਿੰਘ ਨੇ ਦੋ ਵਿਕਟਾਂ ਹਾਸਲ ਕੀਤੀਆਂ। ਵਧੀਆ ਪ੍ਰਦਰਸ਼ਨ ਸਦਕਾ ਹਰਮਨਪ੍ਰੀਤ ਕੌਰ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਭਾਰਤੀ ਮਹਿਲਾ ਟੀਮ ਨੇ ਸ੍ਰੀਲੰਕਾ ਖ਼ਿਲਾਫ਼ ਦੁਵੱਲੀ ਲਡ਼ੀ ਵਿੱਚ ਲਗਾਤਾਰ ਚੌਥੀ ਵਾਰ ਜਿੱਤ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਸ੍ਰੀਲੰਕਾ ਤੋਂ 2013, 2015 ਅਤੇ 2018 ’ਚ ਇਕ ਦਿਨਾ ਮੈਚਾਂ ਦੀ ਲਡ਼ੀ ਜਿੱਤੀ ਸੀ।