ਮੋਗਾ ਦੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਵਲੋਂ ਕੀਤੇ ਗਏ ਮਾਣਹਾਨੀ ਦੇ ਮਾਮਲੇ ਦੇ ਚੱਲਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਮੋਗਾ ਦੀ ਅਦਾਲਤ ‘ਚ ਪੇਸ਼ ਹੋਏ। ਦਰਅਸਲ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਹਲਕਾ ਮੋਗਾ ਦੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ‘ਤੇ ਢਾਈ ਸਾਲ ਪਹਿਲਾਂ ਮੋਗਾ ‘ਚੋਂ ਲੰਘ ਰਹੇ ਰਾਸ਼ਟਰੀ ਸ਼ਾਹ ਮਾਰਗ 105-ਬੀ ਦੇ ਪੈਸਿਆਂ ਦਾ ਗਬਨ ਕਰਨ ਦੇ ਸਾਬਕਾ ਵਿਧਾਇਕ ਹਰਜੋਤ ਕਮਲ ‘ਤੇ ਦੋਸ਼ਾਂ ਲਗਾਏ ਸਨ। ਇਸ ਦੇ ਵਿਰੋਧ ਵਿਚ ਹਰਜੋਤ ਕਮਲ ਵਲੋਂ ਹਰਪਾਲ ਚੀਮਾ ਖ਼ਿਲਾਫ਼ ਅਦਾਲਤ ‘ਚ ਮਾਣਹਾਨੀ ਦਾ ਕੇਸ ਕੀਤਾ ਗਿਆ ਸੀ। ਇਸ ਦੇ ਚੱਲਦੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਮੋਗਾ ਅਦਾਲਤ ‘ਚ ਪੇਸ਼ ਹੋਏ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਅਮਨਦੀਪ ਕੌਰ ਅਰੋੜਾ ਵੀ ਮੌਜੂਦ ਸਨ। ਦੂਜੇ ਪਾਸੇ ਸਾਬਕਾ ਵਿਧਾਇਕ ਹਰਜੋਤ ਕਮਲ ਨੇ ਕਿਹਾ ਕਿ ਉਨ੍ਹਾਂ ‘ਤੇ ਜੋ ਦੋਸ਼ ਲਗਾਏ ਗਏ ਹਨ, ਉਹ ਝੂਠੇ ਹਨ ਅਤੇ ਮੈਨੂੰ ਮਾਣਯੋਗ ਅਦਾਲਤ ‘ਤੇ ਭਰੋਸਾ ਹੈ ਕਿ ਉਨ੍ਹਾਂ ਨੂੰ ਇਨਸਾਫ ਜ਼ਰੂਰ ਮਿਲੇਗਾ। ਉਨ੍ਹਾਂ ਕਿਹਾ ਕਿ ਜਿਸ ਬੈਂਕ ‘ਚ ਗਬਨ ਦੇ ਪੈਸੇ ਜਮਾਂ ਹੋਣ ਦੇ ਦੋਸ਼ ਲਗਾਏ ਸਨ, ਉਸ ਬੈਂਕ ਦੀ ਅਜੀਤਵਾਲ ‘ਚ ਬਰਾਂਚ ਹੀ ਨਹੀਂ ਹੈ। ਹਰਜੋਤ ਕਮਲ ਦੇ ਕੇਸ ਦੀ ਪੈਰਵੀ ਕਰ ਰਹੇ ਬਾਰ ਐਸੋਸੀਏਸ਼ਨ ਮੋਗਾ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਵਕੀਲ ਹਰਦੀਪ ਸਿੰਘ ਲੋਧੀ ਨੇ ਕਿਹਾ ਕਿ ਸਾਬਕਾ ਵਿਧਾਇਕ ਵੱਲੋਂ ਪਹਿਲਾਂ ਲੀਗਲ ਨੋਟਿਸ ਭੇਜਿਆ ਗਿਆ ਸੀ ਪਰ ਜਦੋਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਇਸ ਤੋਂ ਬਾਅਦ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਹੈ।