ਪੱਤਰਕਾਰ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਬਣੇ ਅਤੇ ਕਰੀਬ ਤਿੰਨ ਦਹਾਕੇ ਤੋਂ ਉਨ੍ਹਾਂ ਨਾਲ ਜੁੜੇ ਹਰਚਰਨ ਬੈਂਸ ਦੀ ਇਕ ਪੋਸਟ ਨੇ ਤਰਥੱਲੀ ਮਚਾ ਦਿੱਤੀ ਹੈ। ਹਾਲਾਂਕਿ ਬਾਅਦ ‘ਚ ਉਨ੍ਹਾਂ ਨੇ ਇਸ ਪੋਸਟ ‘ਤੇ ਸਪੱਸ਼ਟੀਕਰਨ ਵੀ ਦਿੱਤਾ, ਪਰ ਸਿਆਸੀ ਹਲਕਿਆਂ ‘ਚ ਬੈਂਸ ਦੀ ਇਸ ਪੋਸਟ ਦੀ ਖ਼ੂਬ ਚਰਚਾ ਹੁੰਦੀ ਰਹੀ। ਇੰਟਰਨੈੱਟ ਮੀਡੀਆ ‘ਚ ਵੀ ਲੋਕਾਂ ਨੇ ਉਨ੍ਹਾਂ ਦੀ ਇਸ ਪੋਸਟ ‘ਤੇ ਜੰਮ ਕੇ ਲਿਖਿਆ। ਬੈਂਸ ਜੋ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀਆਂ ‘ਚ ਮੰਨੇ ਜਾਂਦੇ ਹਨ, ਉਨ੍ਹਾਂ ਤੋਂ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਪੋਸਟ ਦੀ ਉਮੀਦ ਨਹੀਂ ਸੀ, ਇਸ ਲਈ ਉਹ ਚਰਚਾ ਦਾ ਵਿਸ਼ਾ ਬਣੀ ਰਹੀ। ਹਰਚਰਨ ਬੈਂਸ ਨੇ ਲਿਖਿਆ, ‘ਸਾਰੀ ਉਮਰ ਇਕ ਵਿਅਕਤੀ ਦਾ ਹੱਥਠੋਕਾ ਬਣ ਕੇ ਉਸ ਦੇ ਹਰ ਸਹੀ ਗ਼ਲਤ ਕੰਮ ਨੂੰ ਜਾਇਜ਼ ਠਹਿਰਾਉਣਾ ਬਿਨਾਂ ਤਨਖ਼ਾਹ ਨੌਕਰੀ-ਗੁਲਾਮੀ ਰਹੀ, ਅੱਜ ਤਕ ਜੋ ਮੇਰੀ ਜ਼ਿੰਦਗੀ ਦੀ ਆਤਮ ਕਹਾਣੀ ਇੰਨੀ ਹੀ ਹੈ। ਹੁਣ ਇਸ ਜ਼ਾਲਿਮ ਤੋਂ ਆਜ਼ਾਦੀ ਦੀ ਇੱਛਾ ਹੈ।’ ਉਨ੍ਹਾਂ ਦੀ ਇਸ ਪੋਸਟ ਦਾ ਕੀ ਮਤਲਬ ਸੀ, ਲੋਕ ਇਸ ਨੂੰ ਪੜ੍ਹ ਕੇ ਇਹੀ ਜਾਣਨਾ ਚਾਹੁੰਦੇ ਸਨ। ਹਾਲਾਂਕਿ ਜ਼ਿਆਦਾਤਰ ਨੇ ਉਨ੍ਹਾਂ ਦੇ ਇਸ ਫ਼ੈਸਲੇ ਨੂੰ ਸਹੀ ਠਹਿਰਾਇਆ। ਸੌ ਤੋਂ ਜ਼ਿਆਦਾ ਕੁਮੈਂਟਸ ‘ਚ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਸਹੀ ਫ਼ੈਸਲਾ ਲਿਆ, ਪਰ ਦੇਰੀ ਨਾਲ ਲਿਆ। ਵੱਡੀ ਗਿਣਤੀ ‘ਚ ਲੋਕਾਂ ਨੇ ਉਨ੍ਹਾਂ ਦੀ ਪੋਸਟ ਦਾ ਮਤਲਬ ਪੁੱਛਿਆ ਤੇ ਕਈਆਂ ਨੇ ਉਨ੍ਹਾਂ ਨੂੰ ਫੋਨ ਵੀ ਕੀਤੇ, ਪਰ ਉਨ੍ਹਾਂ ਕਿਸੇ ਦਾ ਫੋਨ ਨਹੀਂ ਚੁੱਕਿਆ। ਇਸ ਪੋਸਟ ਦੇ ਕੁਝ ਹੀ ਦੇਰ ਬਾਅਦ ਇਕ ਹੋਰ ਪੋਸਟ ਜਾਰੀ ਕਰ ਕੇ ਬੈਂਸ ਨੇ ਕਿਹਾ ਕਿ ਉਨ੍ਹਾਂ ਦੀ ਪੋਸਟ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਨਹੀਂ ਬਲਕਿ ਖ਼ੁਦ ਦੇ ਹੰਕਾਰ ਤੋਂ ਛੁਟਕਾਰਾ ਪਾਉਣ ਨਾਲ ਸਬੰਧਤ ਸੀ। ਦੂਜੀ ਪੋਸਟ ‘ਚ ਉਨ੍ਹਾਂ ਲਿਖਿਆ ਕਿ ਗੁਲਾਮੀ ਵਾਲੀ ਮੇਰੀ ਪੋਸਟ ਦੇ ਕੁਮੈਂਟ ਦੇਖ ਕੇ ਮੈਂ ਇਹ ਕਹਿਣਾ ਲਈ ਮਜਬੂਰ ਹੋਇਆ ਹਾਂ ਕਿ ਇਹ ਪੋਸਟ ਹੰਕਾਰ ਦੀ ਗੁਲਾਮੀ ਬਾਰੇ ਸੀ, ਨਾ ਕਿ ਕਿਸੇ ਦੇ ਸਿਆਸੀ ਰਵੱਈਏ ਬਾਰੇ। ਜ਼ਿਕਰਯੋਗ ਹੈ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਹਰਚਰਨ ਬੈਂਸ ਬਾਦਲ ਪਰਿਵਾਰ ਨਾਲ ਜੁੜੇ ਹੋਏ ਹਨ। ਜਦੋਂ 1997-2002 ਦੇ ਬਾਦਲ ਦੇ ਕਾਰਜਕਾਲ ‘ਚ ਮੀਡੀਆ ਸਲਾਹਕਾਰ ਰਹੇ ਤਾਂ ਉਸ ਤੋਂ ਬਾਅਦ ਕੈਂਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਨੇ ਸੰਤ ਲੋਂਗੋਵਾਲ ਦੀ ਬਰਸੀ ਸਮਾਰੋਹ ‘ਚ ਉਨ੍ਹਾਂ ਨੂੰ ਕਿਹਾ ਕਿ ਉਹ ਜਾਂ ਤਾਂ ਨੌਕਰੀ ਛੱਡ ਦੇਣ ਜਾਂ ਫਿਰ ਬਾਦਲ ਸਾਬ੍ਹ ਦਾ ਸਾਥ। ਬੈਂਸ ਨੇ ਅਗਲੇ ਹੀ ਦਿਨ ਪੀ.ਏ.ਯੂ. ‘ਚ ਆਪਣੀ ਨੌਕਰੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਕੇ ਕਿਹਾ ਸੀ ਕਿ ਉਹ ਬਾਦਲ ਸਾਬ੍ਹ ਦਾ ਸਾਥ ਨਹੀਂ ਛੱਡਣਗੇ। ਉਨ੍ਹਾਂ ਦੀ ਉਕਤ ਤਾਜ਼ਾ ਪੋਸਟ ਨਾਲ ਸਾਰਿਆਂ ਨੂੰ ਹੈਰਾਨੀ ਹੋਈ ਅਤੇ ਨਵੀਂ ਚਰਚਾ ਛਿੜ ਪਈ ਹੈ।