ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਿਮਾਚਲ ਪ੍ਰਦੇਸ਼ ਦੇ ਊਨਾ ਵਿਖੇ ਨਵੀਂ ਦਿੱਲੀ ਲਈ ਚੱਲਣ ਵਾਲੀ ਬੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣ ਸਮੇਤ ਕਈ ਹੋਰ ਵੱਡੇ ਪ੍ਰਾਜੈਕਟਾਂ ਦੇ ਐਲਾਨ ਤੇ ਉਦਘਾਟਨ ਤੋਂ ਇਕ ਦਿਨ ਬਾਅਦ ਇੰਡੀਆ ਦੇ ਚੋਣ ਕਮਿਸ਼ਨ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦਾ ਪ੍ਰੋਗਰਾਮ ਐਲਾਨ ਦਿੱਤਾ ਹੈ। ਦੂਜੇ ਪਾਸੇ ਗੁਜਰਾਤ ‘ਚ ਵੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਪਰ ਚੋਣ ਕਮਿਸ਼ਨ ਨੇ ਉਥੇ ਚੋਣਾਂ ਦਾ ਪ੍ਰੋਗਰਾਮ ਨਹੀਂ ਐਲਾਨਿਆ। ਇਸ ਨੂੰ ਲੈ ਕੇ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਨੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਅਗਲੇ ਦਿਨਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਜਾ ਕੇ ਕਈ ਵੱਡੇ ਐਲਾਨ ਤੇ ਚੋਣ ਵਾਅਦੇ ਕਰਨਗੇ ਜਿਸ ਮਗਰੋਂ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਚੋਣ ਕਮਿਸ਼ਨ ਵੱਲੋਂ ਐਲਾਨੇ ਪ੍ਰੋਗਰਾਮ ਮੁਤਾਬਕ ਹਿਮਾਚਲ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ 12 ਨਵੰਬਰ ਨੂੰ ਹੋਣਗੀਆਂ ਤੇ ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ। ਹਿਮਾਚਲ ਦੇ 68 ਹਲਕਿਆਂ ‘ਚ 55 ਲੱਖ ਤੋਂ ਵੱਧ ਵੋਟਰ ਵੋਟ ਪਾਉਣ ਦੇ ਹੱਕ ਦੀ ਵਰਤੋਂ ਕਰ ਸਕਣਗੇ। ਦੱਸਣਯੋਗ ਹੈ ਕਿ ਹਿਮਾਚਲ ‘ਚ ਭਾਜਪਾ ਤਿੰਨ ਦਹਾਕਿਆਂ ਪੁਰਾਣੀ ਰਵਾਇਤ ਨੂੰ ਪਲਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿੱਥੇ ਕੋਈ ਸੱਤਾਧਾਰੀ ਧਿਰ ਮੁੱਖ ਵਿਰੋਧੀ ਧਿਰ ਨੂੰ ਹਰਾ ਕੇ ਮੁੜ ਸੱਤਾ ‘ਚ ਨਹੀਂ ਆ ਸਕੀ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਗੁਜਰਾਤ ਦੀਆਂ ਚੋਣਾਂ ਬਾਰੇ ਕੋਈ ਐਲਾਨ ਨਹੀਂ ਕੀਤਾ। ਗੁਜਰਾਤ ਵਿਧਾਨ ਸਭਾ ਦੀ ਮਿਆਦ 18 ਫਰਵਰੀ 2023 ਨੂੰ ਖ਼ਤਮ ਹੋ ਰਹੀ ਹੈ। ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਕਮਿਸ਼ਨ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਐਲਾਨ ਨੂੰ ਫ਼ਿਲਹਾਲ ਟਾਲ ਕੇ ਪੁਰਾਣੀ ਰਵਾਇਤ ਦਾ ਪਾਲਣ ਹੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਰਾਜ ‘ਚ ਚੋਣਾਂ ਦੂਜੇ ਸੂਬੇ ‘ਚ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਨਹੀਂ ਕਰਨਗੀਆਂ ਕਿਉਂਕਿ ’40 ਦਿਨਾਂ ਦਾ ਵਕਫ਼ਾ ਹੈ।’ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀ ਮਿਆਦ 8 ਜਨਵਰੀ, 2023 ਤੱਕ ਹੈ। ਹਾਲਾਂਕਿ ਗੁਜਰਾਤ ‘ਚ ਚੋਣਾਂ ਨਵੰਬਰ-ਦਸੰਬਰ ‘ਚ ਹੀ ਹੋ ਸਕਦੀਆਂ ਹਨ ਤਾਂ ਕਿ ਗਿਣਤੀ 2017 ਵਾਂਗ ਇਕੋ ਦਿਨ ਹੋ ਸਕੇ। ਉਨ੍ਹਾਂ ਕਿਹਾ ਕਿ ਹਿਮਾਚਲ ਚੋਣਾਂ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਚੋਣਾਂ ਲਈ ਨੋਟੀਫਿਕੇਸ਼ਨ 17 ਅਕਤੂਬਰ ਨੂੰ ਨਿਕਲੇਗਾ ਤੇ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਤਰੀਕ 25 ਅਕਤੂਬਰ ਹੈ। ਨਾਮਜ਼ਦਗੀਆਂ ਦੀ ਜਾਂਚ-ਪੜਤਾਲ 27 ਅਕਤੂਬਰ ਨੂੰ ਹੋਵੇਗੀ ਤੇ ਨਾਮਜ਼ਦਗੀ ਵਾਪਸ ਲੈਣ ਦੀ ਆਖ਼ਰੀ ਤਰੀਕ 29 ਅਕਤੂਬਰ ਹੋਵੇਗੀ। ਚੋਣ ਕਮਿਸ਼ਨਰ ਨੇ ਕਿਹਾ ਕਿ ਮੌਸਮ ਨੂੰ ਧਿਆਨ ‘ਚ ਰੱਖ ਕੇ ਵੀ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦਾ ਐਲਾਨ ਪਹਿਲਾਂ ਕੀਤਾ ਗਿਆ ਹੈ। ਹਿਮਾਚਲ ‘ਚ 1.86 ਲੱਖ ਵੋਟਰ ਪਹਿਲੀ ਵਾਰ ਵੋਟ ਪਾਉਣਗੇ, 1.22 ਲੱਖ ਵੋਟਰ ਅੱਸੀ ਸਾਲ ਤੋਂ ਵੱਧ ਦੇ ਹਨ ਤੇ 1184 ਵੋਟਰ ਅਜਿਹੇ ਹਨ ਜਿਨ੍ਹਾਂ ਦੀ ਉਮਰ 100 ਸਾਲ ਤੋਂ ਵੱਧ ਹੈ। ਜ਼ਿਕਰਯੋਗ ਹੈ ਕਿ 2017 ‘ਚ ਹਿਮਾਚਲ ਪ੍ਰਦੇਸ਼ ਦੇ 68 ਹਲਕਿਆਂ ਵਿਚੋਂ ਭਾਜਪਾ ਨੇ 44 ਸੀਟਾਂ ਉਤੇ ਜਿੱਤ ਦਰਜ ਕਰ ਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਸੀ ਜਦਕਿ ਕਾਂਗਰਸ ਨੇ 21 ਸੀਟਾਂ ਜਿੱਤੀਆਂ ਸਨ। ਦੋ ਸੀਟਾਂ ‘ਤੇ ਆਜ਼ਾਦ ਉਮੀਦਵਾਰਾਂ ਤੇ ਇਕ ਉਤੇ ਸੀ.ਪੀ.ਐਮ. ਨੇ ਜਿੱਤ ਦਰਜ ਕੀਤੀ ਸੀ।