ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਕਾਂਗਰਸ ਵੱਲੋਂ ਕੀਤੇ ਗਏ ਚੋਣ ਵਾਅਦੇ ਨੇ ਅਸਰ ਦਿਖਾਇਆ ਅਤੇ ਹਿਮਾਚਲ ਪ੍ਰਦੇਸ਼ ‘ਚ ਪੰਜ ਸਾਲ ਕਾਂਗਰਸ ਦੀ ਵਾਪਸੀ ਹੋਈ ਹੈ। ਪਹਾੜੀ ਸੂਬੇ ਦੀ ਪੰਜ ਸਾਲ ਬਾਅਦ ਸੱਤਾ ਤਬਦੀਲੀ ਦੀ ਰਵਾਇਤ ਐਤਕੀਂ ਵੀ ਨਹੀਂ ਟੁੱਟ ਸਕੀ। ਕਾਂਗਰਸ 68 ਮੈਂਬਰੀ ਵਿਧਾਨ ਸਭਾ ‘ਚ 40 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ ਹੈ। ਸੂਬੇ ‘ਚ ਮੁੜ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਭਾਜਪਾ ਨੂੰ 25 ਸੀਟਾਂ ਮਿਲੀਆਂ ਹਨ। ਇਸ ਦੌਰਾਨ ਤਿੰਨ ਅਜ਼ਾਦ ਉਮੀਦਵਾਰ ਵੀ ਜੇਤੂ ਰਹੇ। ਸਾਰੀਆਂ ਸੀਟਾਂ ਤੋਂ ਚੋਣ ਲੜਨ ਵਾਲੀ ਆਮ ਆਦਮੀ ਪਾਰਟੀ ਖਾਤਾ ਖੋਲ੍ਹਣ ‘ਚ ਵੀ ਨਾਕਾਮ ਰਹੀ। ਇਸ ਦੌਰਾਨ ਕਾਂਗਰਸ ਨੇ ਚੋਣ ਨਤੀਜਿਆਂ ਮਗਰੋਂ ਆਪਣੇ ਨਵੇਂ ਚੁਣੇ ਵਿਧਾਇਕਾਂ ਦੀ ਚੰਡੀਗੜ੍ਹ ‘ਚ ਮੀਟਿੰਗ ਕਰਕੇ ਕਾਂਗਰਸ ਪ੍ਰਧਾਨ ਨੂੰ ਪਾਰਟੀ ਵਿਧਾਇਕ ਦਲ ਦਾ ਆਗੂ ਚੁਣਨ ਦੇ ਅਧਿਕਾਰ ਦਿੱਤੇ ਹਨ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪਾਰਟੀ ਨੂੰ ਮਿਲੀ ‘ਫੈਸਲਾਕੁਨ ਜਿੱਤ’ ਲਈ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਯਕੀਨ ਦਿਵਾਇਆ ਕਿ ਪਾਰਟੀ ਵੱਲੋਂ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਉਧਰ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਲੋਕਾਂ ਵੱਲੋਂ ਦਿੱਤੇ ਫ਼ਤਵੇ ਦਾ ਸਤਿਕਾਰ ਕਰਦੇ ਹੋਏ ਆਪਣਾ ਅਸਤੀਫ਼ਾ ਰਾਜਪਾਲ ਨੂੰ ਸੌਂਪ ਦਿੱਤਾ ਹੈ। ਅਧਿਕਾਰਤ ਸੂਤਰਾਂ ਮੁਤਾਬਕ ਰਾਜਪਾਲ ਰਾਜੇਂਦਰ ਵਿਸ਼ਵਨਾਥ ਆਰਲੇਕਰ ਨੇ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਭਾਜਪਾ ਨੇ ਹਿਮਾਚਲ ‘ਚ ਐਤਕੀਂ ‘ਰਾਜ ਨਹੀਂ, ਰਿਵਾਜ ਬਦਲੇਗਾ’ ਦਾ ਨਾਅਰਾ ਦਿੱਤਾ ਸੀ, ਜਿਸ ਨੂੰ ਸੂਬੇ ਦੇ ਲੋਕਾਂ ਨੇ ਰੱਦ ਕਰ ਦਿੱਤਾ। ਸੱਤਾ ਵਿਰੋਧੀ ਲਹਿਰ ਕਰਕੇ ਸਾਲ 1985 ਤੋਂ ਕੋਈ ਵੀ ਸਰਕਾਰ ਮੁੜ ਸੱਤਾ ‘ਚ ਵਾਪਸੀ ਨਹੀਂ ਕਰ ਸਕੀ, ਜਿਸ ਕਰ ਕੇ ਹਰ ਪੰਜ ਸਾਲ ਬਾਅਦ ਪਹਾੜੀ ਰਾਜ ‘ਚ ਸੱਤਾ ਤਬਦੀਲੀ ਹੁੰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਾੜੀ ਰਾਜ ਦੇ ਵੋਟਰਾਂ ਵੱਲੋਂ ਦਿੱਤੀ ਹਮਾਇਤ ਤੇ ਪਿਆਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸੂਬੇ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਦੇ ਮੁੱਦੇ ਚੁੱਕਣ ਲਈ ਕੰਮ ਕਰੇਗੀ। ਕਾਂਗਰਸ ਨੇ ਚੋਣ ਪ੍ਰਚਾਰ ਦੌਰਾਨ ਹਿਮਾਚਲ ਦੇ ਲੋਕਾਂ ਨਾਲ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਨੌਜਵਾਨਾਂ ਨੂੰ ਰੁਜ਼ਗਾਰ ਸਮੇਤ ਹੋਰ ਕਈ ਵਾਅਦੇ ਕੀਤੇ ਸਨ। ਜੈਰਾਮ ਠਾਕੁਰ ਮੰਡੀ ਜ਼ਿਲ੍ਹੇ ਦੀ ਸਿਰਾਜ ਸੀਟ ਤੋਂ ਜਿੱਤਣ ‘ਚ ਸਫ਼ਲ ਰਹੇ ਜਦੋਂਕਿ ਸੁਰੇਸ਼ ਭਾਰਦਵਾਜ, ਰਾਮ ਲਾਲ ਮਾਰਕੰਡਾ ਤੇ ਸੁਰਵੀਨ ਚੌਧਰੀ ਸਣੇ ਉਨ੍ਹਾਂ ਦੇ ਕਈ ਮੰਤਰੀ ਚੋਣ ਹਾਰ ਗਏ। ਸਾਬਕਾ ਕੇਂਦਰੀ ਮੰਤਰੀ ਸੁਖ ਰਾਮ ਦਾ ਪੁੱਤਰ ਅਨਿਲ ਸ਼ਰਮਾ ਮੰਡੀ ਸਦਰ ਤੋਂ ਭਾਜਪਾ ਲਈ ਮੁੜ ਸੀਟ ਜਿੱਤਣ ‘ਚ ਕਾਮਯਾਬ ਰਿਹਾ। ਭਾਜਪਾ ਉਮੀਦਵਾਰ ਡੀ.ਐੱਸ. ਠਾਕੁਰ ਨੇ ਡਲਹੌਜ਼ੀ ਤੋਂ ਛੇ ਵਾਰ ਦੀ ਕਾਂਗਰਸੀ ਵਿਧਾਇਕ ਆਸ਼ਾ ਕੁਮਾਰੀ ਨੂੰ 9918 ਵੋਟਾਂ ਦੇ ਫ਼ਰਕ ਨਾਲ ਹਰਾਇਆ। ਆਸ਼ਾ ਕੁਮਾਰੀ ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰਾਂ ‘ਚੋਂ ਇਕ ਸੀ। ਤਿੰਨ ਆਜ਼ਾਦ ਉਮੀਦਵਾਰਾਂ ‘ਚੋਂ ਹੁਸ਼ਿਆਰ ਸਿੰਘ ਦੇਹਰਾ ਤੋਂ ਅਤੇ ਕੇ.ਐੱਲ. ਠਾਕੁਰ ਨਾਲਾਗੜ੍ਹ ਸੀਟ ਤੋਂ ਜਿੱਤ ਗਏ। ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਵੀਰਭੱਦਰ ਸਿੰਘ ਦਾ ਪੁੱਤਰ ਤੇ ਸ਼ਿਮਲਾ (ਰੂਰਲ) ਤੋਂ ਮੌਜੂਦਾ ਕਾਂਗਰਸੀ ਵਿਧਾਇਕ ਵਿਕਰਮਾਦਿੱਤਿਆ ਸਿੰਘ ਵੀ ਆਪਣੀ ਸੀਟ ਕੱਢਣ ‘ਚ ਸਫ਼ਲ ਰਿਹਾ। ਹੁਣ ਮੁੱਖ ਮੰਤਰੀ ਬਣਨ ਲਈ ਪ੍ਰਤਿਭਾ ਸਿੰਘ, ਹਰੋਲੀ ਤੋਂ ਲਗਤਾਰ ਪੰਜਵੀਂ ਵਾਰ ਚੋਣ ਜਿੱਤੇ ਮੁਕੇਸ਼ ਅਗਨੀਹੋਤਰੀ ਅਤੇ ਸੁਖਵਿੰਦਰ ਸੁੱਖੀ ਵਿਚਕਾਰ ਦੌੜ ਲੱਗ ਗਈ ਹੈ।