ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਪ੍ਰਚਾਰ ਲਈ ਪਹੁੰਚੇ ਕਾਂਗਰਸ ਦੇ ਸੀਨੀਅਰ ਆਗੂ ਸਚਿਨ ਪਾਇਲਟ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਬਦਲਾਅ ਦੀਆਂ ਹਵਾਵਾਂ ਚੱਲ ਰਹੀਆਂ ਹਨ ਅਤੇ ਸੂਬੇ ਦੇ ਲੋਕ 12 ਨਵੰਬਰ ਨੂੰ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ‘ਜੈ ਰਾਮ ਜੀ ਕੀ’ ਕਹਿਣਗੇ। ਉੱਤਰੀ ਭਾਰਤ ਵਿੱਚ ਅਲਵਿਦਾ ਕਹਿਣ ਲਈ ‘ਜੈ ਰਾਮ ਜੀ ਕੀ’ ਲਕਬ ਵਰਤਿਆ ਜਾਂਦਾ ਹੈ। ਕਾਂਗਰਸ ਉਮੀਦਵਾਰ ਜਗਦੀਸ਼ ਸਿਪਾਹੀਆ ਦੇ ਹੱਕ ‘ਚ ਸੁਲਾਹ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪਾਇਲਟ ਨੇ ਭਰੋਸਾ ਜਤਾਇਆ ਕਿ ਉਨ੍ਹਾਂ ਦੀ ਪਾਰਟੀ ਹਿਮਾਚਲ ਪ੍ਰਦੇਸ਼ ਦੀ ਸੱਤਾ ਵਿੱਚ ਆਵੇਗੀ। ਪਾਇਲਟ ਨੇ ਕਿਹਾ, ‘ਹਿਮਾਚਲ ਵਿੱਚ ਭਾਜਪਾ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੀ। ਤੁਹਾਨੂੰ ਵਾਅਦੇ ਨਿਭਾਉਣੇ ਪੈਣਗੇ। ਨਹੀਂ ਤਾਂ ਲੋਕ ਈ.ਵੀ.ਐੱਮ. ਮਸ਼ੀਨ ‘ਤੇ ‘ਹੱਥ’ ਦੇ ਨਿਸ਼ਾਨ ਵਾਲਾ ਬਟਨ ਦਬਾ ਦੇਣਗੇ। ਕਾਂਗਰਸ ਪੂਰੇ ਬਹੁਮੱਤ ਨਾਲ ਸੱਤਾ ਵਿੱਚ ਆਵੇਗੀ।’ ਉਨ੍ਹਾਂ ਪਾਲਮਪੁਰ ਵਿੱਚ ਕਾਂਗਰਸ ਉਮੀਦਵਾਰ ਆਸ਼ੀਸ਼ ਬੁਟੇਲ ਲਈ ਕੀਤੀ ਰੈਲੀ ਨੂੰ ਵੀ ਸੰਬੋਧਨ ਕੀਤਾ। ਪਹਾੜੀ ਸੂਬੇ ਵਿੱਚ ਚੋਣ ਪ੍ਰਚਾਰ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਪਾਇਲਟ ਨੇ ਕਿਹਾ ਕਿ ਜੇ ਜੈ ਰਾਮ ਠਾਕੁਰ ਦੀ ਅਗਵਾਈ ਵਾਲੀ ਸਰਕਾਰ ਨੇ ਭਲਾਈ ਵਾਲੇ ਕੰਮ ਕੀਤੇ ਹੁੰਦੇ ਤਾਂ ਲੋਕ ਵਿਕਾਸ ਦੇ ਮੁੱਦੇ ‘ਤੇ ਵੋਟ ਦੇ ਦਿੰਦੇ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਖ਼ਿਲਾਫ਼ ਭਾਰੀ ਰੋਸ ਹੈ। ਇਸ ਲਈ ਛੋਟੇ ਜਿਹੇ ਸੂਬੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਵੱਡੇ ਪੱਧਰ ‘ਤੇ ਪ੍ਰਚਾਰ ਕਰਨਾ ਪਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੀਜੇਪੀ ਦੀ ਬੇੜੀ ਡੋਬਣ ਲਈ ਉਸ ਦੇ ਡੇਢ ਦਰਜਨ ਖੜ੍ਹੇ ਬਾਗ਼ੀ ਉਮੀਦਵਾਰ ਹੀ ਕਾਫੀ ਹਨ ਅਤੇ ਬਾਕੀ ਕਸਰ ਲੋਕਾਂ ਨੇ ਪੂਰੀ ਕਰ ਦੇਣੀ ਹੈ।